ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਜੁਲਾਈ
ਪਿੰਡ ਜਲਾਲਪੁਰ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਸਟੇਅ ਵਾਲੀ ਜ਼ਮੀਨ ਦੀ ਬੋਲੀ ਨਾ ਕੀਤੇ ਜਾਣ ਦੀ ਮੰਗ ਕੀਤੀ ਸੀ। ਬੋਲੀ ਦੌਰਾਨ ਹੋਈ ਤਲਖਕਲਾਮੀ ਬਾਅਦ ਅਧਿਕਾਰੀਆਂ ਨੇ ਭਾਵੇਂ ਬੋਲੀ ਸ਼ਾਤੀਪੂਰਵਕ ਨੇਪਰੇ ਚੜ੍ਹਾ ਲੈਣ ਦਾ ਦਾਅਵਾ ਕੀਤਾ ਹੈ ਪਰ ਦੂਜੇ ਪਾਸੇ ਕਿਸਾਨਾਂ ਨੇ ਇਸ ਨੂੰ ਧੱਕੇਸ਼ਾਹੀ ਦੱਸਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਬੋਲੀ ਸਮੇਂ ਹੋਣ ਵਾਲੇ ਸੰਭਵੀ ਝਗੜੇ ਦੇ ਮੱਦੇਨਜ਼ਰ ਡੀਐਸਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਭਾਰੀ ਗਿਣਤੀ ’ਚ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ।
ਐੱਸਸੀ ਭਾਈਚਾਰੇ ਦੇ ਆਗੂ ਤਰਸੇਮ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਕੇ ਚਕੋਤਾ ਭਰ ਦਿੱਤਾ ਸੀ ਪਰ ਜ਼ਮੀਨ ਦਾ ਕਬਜ਼ਾ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਜ਼ਮੀਨ ਦਾ ਕਬਜ਼ਾ ਦਿਵਾਇਆ ਜਾਵੇ।
ਨਵਾਂ ਪਿੰਡ ਕਲਵਾਣੂੰ ਦੇ ਹਰਮਿੰਦਰ ਸਿੰਘ, ਤੇਗਾ ਸਿੰਘ ਪਿੰਡ ਸਿਉਨਾ ਨੇ ਕਿਹਾ ਕਿ ਕਰੀਬ 79 ਏਕੜ ਜ਼ਮੀਨ ਦਾ ਕਿਸਾਨ ਚਕੋਤਾ ਭਰ ਕੇ ਕਾਸ਼ਤ ਕਰ ਰਹੇ ਹਨ। ਉਨ੍ਹਾਂ ਸਣੇ ਕੁੱਝ ਘਰਾਂ ਤੋਂ ਸਟੇਅ ਦੇ ਬਾਵਜੂਦ ਜ਼ਮੀਨ ਛੁਡਾ ਕੇ ਐਸਸੀ ਭਾਈਚਾਰੇ ਨੂੰ ਦਿੱਤੀ ਜਾ ਰਹੀ ਹੈ। ਕਿਸੇ ਦਬਾਅ ਹੇਠ ਵਿਭਾਗ ਦੇ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੇ। ਕ੍ਰਾਂਤੀਕਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਐੱਸਸੀ ਭਾਈਚਾਰੇ ਨੂੰ ਬਣਦਾ ਤੀਜਾ ਹਿੱਸਾ ਦੇਣ ਦੇ ਹੱਕ ਵਿੱਚ ਹੈ ਪਰ ਹਿੱਸਾ ਸਾਰੀ ਜ਼ਮੀਨ ਵਿੱਚੋਂ ਕੱਟ ਕੇ ਦੇਣਾ ਬਣਦਾ ਹੈ ਕੁੱਝ ਕਿਸਾਨਾਂ ਦੀ ਜ਼ਮੀਨ ਨੂੰ ਕੱਟ ਲਾਉਣਾ ਜਾਇਜ਼ਾ ਨਹੀਂ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਜਥੇਬੰਦੀ ਧੱਕੇਸ਼ਾਹੀ ਖ਼ਿਲਾਫ਼ ਪੀੜਤ ਕਿਸਾਨਾਂ ਨਾਲ ਖੜ੍ਹ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
ਕਾਰਵਾਈ ਸ਼ਾਂਤੀਪੂਰਵਕ ਤੇ ਸਹਿਮਤੀ ਨਾਲ ਹੋਈ: ਡੀਡੀਪੀਓ
ਡੀਡੀਪੀਓ ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਨਾ ਕਿਸੇ ਨਾਲ ਧੱਕਾ ਕੀਤਾ ਹੈ। ਪੰਚਾਇਤੀ ਦੀ ਜ਼ਮੀਨ ਦੀ ਬੋਲੀ ਸ਼ਾਂਤੀਪੂਰਵਕ ਤੇ ਆਪਸੀ ਸਹਿਮਤੀ ਨਾਲ ਹੋਈ ਹੈ। ਜਿਹੜੇ ਨੰਬਰਾਂ ’ਤੇ ਸਟੇਅ ਆਰਡਰ ਸਨ, ਉਨ੍ਹਾਂ ਨੂੰ ਛੱਡ ਕੇ ਐਸਸੀ ਭਾਈਚਾਰੇ ਦਾ ਬਣਦਾ ਹਿੱਸਾ ਨਵੇਂ ਪਲਾਟ ਰਾਖਵੇਂ ਕਰ ਕੇ ਪੂਰਾ ਕੀਤਾ ਗਿਆ ਹੈ। ਇਸੇ ਦੌਰਾਨ ਉਨ੍ਹਾਂ ਕਬਜ਼ਾ ਨਾ ਛੱਡਣ ਵਾਲੇ ਕਿਸਾਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਜੁਰਮਾਨਾ ਕੀਤੇ ਜਾਣ ਦੀ ਚਿਤਾਵਨੀ ਵੀ ਦਿੱਤੀ ਹੈ।