ਪੱਤਰ ਪ੍ਰੇਰਕ
ਰਾਜਪੁਰਾ, 19 ਅਗਸਤ
ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਹਿਰ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਸਮੇਤ ਹੋਰਨਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਸ਼ਹਿਰ ਦੇ ਵੱਖ ਵੱਖ ਮੰਦਿਰਾਂ ਤੋਂ ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਝਾਕੀਆਂ ਅਤੇ ਕੀਰਤਨ ਮੰਡਲੀਆਂ ਸ਼ਾਮਲ ਸਨ।
ਇਹ ਸ਼ੋਭਾ ਯਾਤਰਾ ਮਹਾਵੀਰ ਮੰਦਿਰ ਤੋਂ ਆਰੰਭ ਹੋ ਕੇ ਦੁਰਗਾ ਮੰਦਿਰ ਚੌਕ, ਮੁੱਖ ਬਾਜ਼ਾਰਾਂ ਤੇ ਗਲੀ ਮੁਹੱਲਿਆਂ ਤੋਂ ਹੁੰਦੀ ਹੋਈ ਚੇਤੰਨਿਆ ਗੋਡਮੱਥ ਮੰਦਿਰ ਪਹੁੰਚ ਕੇ ਸਮਾਪਤ ਹੋਈ।
ਇਸੇ ਦੌਰਾਨ ਪਟੇਲ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਛਾਇਆ ਨਰੂਲਾ ਦੀ ਦੇਖਰੇਖ ਵਿੱਚ ਜਨਮ ਅਸ਼ਟਮੀ ਉਤਸ਼ਾਹ ਨਾਲ ਮਨਾਈ ਗਈ।
ਪਟਿਆਲਾ (ਪੱਤਰ ਪ੍ਰੇਰਕ): ਇੱਥੇ ਪ੍ਰਾਚੀਨ ਕੇਦਾਰ ਨਾਥ ਮੰਦਿਰ ਮਥੁਰਾ ਕਲੋਨੀ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਨੇ ਮੱਥਾ ਟੇਕਿਆ। ਇਸ ਦੌਾਰਨ ਖਾਟੂ ਸ਼ਾਮ ਦੀ ਕੀਰਤਨ ਕਰਵਾਇਆ ਗਿਆ ਜਿਸ ਵਿੱਚ ਸਤਵੀਰ ਧਾਲੀਵਾਲ ਪਟਿਆਲਾ ਅਤੇ ਜਤਿਨ ਛਾਬੜਾ ਸਮਾਣਾ ਵੱਲੋਂ ਕੀਰਤਨ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਮੁਕੇਸ਼ ਠਾਕੁਰ, ਮੋਹਿਤ, ਵਿਜੇ ਸ਼ਰਮਾ, ਦਵਿੰਦਰ, ਰਾਜੂ ਤੇ ਸੁਨੀਲ ਤੇ ਸ਼ਨੀ ਆਦਿ ਹਾਜ਼ਰ ਸਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਦੇ ਬਾਹਲਾ ਪਬਲਿਕ ਸਕੂਲ ਪਿੱਪਲਖੇੜੀ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਬਾਹਲਾ ਨੇ ਕ੍ਰਿਸ਼ਨ ਅਸ਼ਟਮੀ ਦੀ ਮਹੱਤਤਾ ਦੱਸਦੇ ਹੋਏ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਬੱਚਿਆਂ ਨੇ ਕ੍ਰਿਸ਼ਨ ਬਾਲ ਰੂਪ ਦੀਆਂ ਝਲਕੀਆਂ ਪੇਸ਼ ਕੀਤੀਆਂ ਅਤੇ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸੇ ਤਰ੍ਹਾਂ ਜੁਲਾਹਖੇੜੀ ਦੇ ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਰਜਿੰਦਰ ਕੌਰ ਸੰਧੂ ਨੇ ਜਨਮ ਅਸ਼ਟਮੀ ਦੇ ਤਿਉਹਾਰ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।