ਪੱਤਰ ਪ੍ਰੇਰਕ
ਪਾਤੜਾਂ, 26 ਸਤੰਬਰ
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਪਿੰਡ ਹਰਿਆਉ ਖੁਰਦ ਦਾ ਅਗਾਂਹਵਧੂ ਕਿਸਾਨ ਜਸਪਾਲ ਸਿੰਘ 70 ਏਕੜ ਜ਼ਮੀਨ ਵਿੱਚ ਸਫਲਤਾਪੂਰਵਕ ਖੇਤੀ ਕਰ ਰਿਹਾ ਹੈ। ਪਿਛਲੇ ਦੋ ਸਾਲਾਂ ਦੌਰਾਨ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਈ, ਜਿਸ ਨਾਲ ਫ਼ਸਲਾਂ ਲਈ ਲਾਭਦਾਇਕ ਮਿੱਤਰ ਕੀੜਿਆਂ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ ਅਤੇ ਪਹਿਲਾਂ ਨਾਲੋਂ ਖੇਤਾਂ ਵਿੱਚ ਖਾਦ ਦੀ ਵਰਤੋਂ ਵੀ ਘੱਟ ਹੋਣ ਲੱਗੀ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਪਰਾਲੀ ਖੇਤਾਂ ਵਿਚ ਵਾਹੁਣ ਨਾਲ ਯੂਰੀਆ ਖਾਦ ਦੀ ਵਰਤੋਂ ਵਿੱਚ ਕਮੀ ਆਈ ਹੈ ਤੇ ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਧਣ ਦੇ ਨਾਲ-ਨਾਲ ਉਪਜਾਊ ਸ਼ਕਤੀ ਲਈ ਲਾਹੇਵੰਦ ਹੋਈ ਹੈ। ਉਨ੍ਹਾਂ ਕਿਹਾ ਕਿ ਹੋਰ ਫਾਇਦਿਆਂ ਤੋਂ ਇਲਾਵਾ ਸਭ ਤੋਂ ਵੱਡਾ ਫ਼ਾਇਦਾ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਹੈ। ਉਹ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਸਾਧਨਾਂ ਦੀ ਵਰਤੋਂ ਕੀਤੇ ਬਿਨਾਂ ਸਫਲਤਾਪੂਰਵਕ ਖੇਤੀ ਕਰਕੇ ਬੜਾ ਸਕੂਨ ਮਹਿਸੂਸ ਕਰਦੇ ਹਨ। ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਨਿਪਟਾਰੇ ਤੇ ਕਣਕ ਦੀ ਬਿਜਾਈ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 70 ਏਕੜ ਜ਼ਮੀਨ ’ਚ ਕੀਤੀ ਜਾ ਰਹੀ ਸਿੱਧੀ ਬਿਜਾਈ ਨਾਲ ਦੋ ਸਾਲਾਂ ਦੌਰਾਨ ਫਸਲ ਦੇ ਝਾੜ ਤੇ ਗੁਣਵੱਤਾ ’ਚ ਵੀ ਵਾਧਾ ਹੋਇਆ ਹੈ, ਜੋ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।