ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਸਤੰਬਰ
ਪੰਜਾਬ ਸਰਕਾਰ ਜਿੱਥੇ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ, ਉਥੇ ਹੀ ਸਮਾਜ ਦੇ ਹਰੇਕ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣਾ ਵੀ ਸਰਕਾਰ ਦਾ ਮੁੱਖ ਟੀਚਾ ਹੈ। ਇਸੇ ਕਰਕੇ ਜਿੱਥੇ ਸ਼ਹਿਰਾਂ ਵਿਚ ਹੋਰ ਸਹੁੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਪਿੰਡਾਂ ’ਚ ਰਹਿੰਦੇ ਲੋਕਾਂ ਨੂੰ ਵੀ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਹੋਰ ਉੱਚਾ ਚੁੱਕਿਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ। ਉਹ ਇਥੇ ਬੀਡੀਪੀਓ ਦਫਤਰ ਵਿੱਚ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਦਿੱਤੀ ਗ੍ਰਾਂਟ ਦੀ ਪਹਿਲੀ ਕਿਸ਼ਤ ਲੋਕਾਂ ਦੇ ਖਾਤਿਆਂ ਵਿੱਚ ਪਾਉਣ ਦੇ ਪ੍ਰਵਾਨਗੀ ਪੱਤਰ ਵੰਡਣ ਸਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਹਲਕੇ ਸਮਾਣਾ ਦੇ ਪਟਿਆਲਾ ਬਲਾਕ ਨਾਲ ਸਬੰਧਤ ਪੈਂਦੇ 115 ਲਾਭਪਾਤਰੀਆਂ ਨੂੰ 1.72 ਕਰੋੜ ਰੁਪਏ ਦੇ ਅਜਿਹੇ ਪੱਤਰ ਵੰਡੇ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਲੋੜਵੰਦ ਲਾਭਪਾਤਰੀਆਂ ਨੂੰ ਕੱਚੇ ਘਰਾਂ ਨੂੰ ਪੱਕੇ ਬਣਾਉਣ ਲਈ ਪ੍ਰਤੀ ਲਾਭਪਾਤਰੀ 1.20 ਲੱਖ ਰੁਪਏ ਦਿੱਤੇ ਜਾ ਰਹੇ ਹਨ। 30 ਹਜ਼ਾਰ ਰੁਪਏ ਮਗਨਰੇਗਾ ਤਹਿਤ ਲਾਭਪਾਤਰੀਆਂ ਨੂੰ ਦਿਹਾੜੀ ਵਜੋਂ ਵੀ ਦਿੱਤੇ ਜਾ ਰਹੇ ਹਨ। ਇਸ ਮੌਕੇ ਬੀਡੀਪੀਓ ਸੁਖਵਿੰਦਰ ਟਿਵਾਣਾ, ‘ਆਪ’ ਆਗੂ ਅਤੇ ਟਰਾਂਸਪੋਰਟਰ ਅਮਰੀਕ ਭਾਨਰੀ, ਬਲਕਾਰ ਗੱਜੂਮਾਜਰਾ, ਗੁਰਦੇਵ ਟਿਵਾਣਾ, ਸੁਰਜੀਤ ਫੌਜੀ ਅਤੇ ਹੋਰ ਵੀ ਮੌਜੂਦ ਸਨ।