ਪੱਤਰ ਪ੍ਰੇਰਕ
ਰਾਜਪੁਰਾ, 30 ਜੁਲਾਈ
ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਤਾਇਨਾਤ ਡਾਕਟਰ ਵੱਲੋਂ ਤਿੰਨ ਦਿਨ ਪਹਿਲਾਂ ਇੱਕ ਪੱਤਰਕਾਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਉਸੇ ਡਾਕਟਰ ਵੱਲੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਆਪਣੇ ਭਰਾ ਦਾ ਹਾਲਚਾਲ ਪੁੱਛਣ ਆਏ ਸੀਨੀਅਰ ਪੱਤਰਕਾਰ ਅਤੇ ਰਾਜਪੁਰਾ ਪ੍ਰੈਸ ਕਲੱਬ ਦੇ ਪ੍ਰਧਾਨ ਜੀਪੀ ਸਿੰਘ ਦੀ ਕੁੱਟਮਾਰ ਕੀਤੀ ਗਈ।
ਇੱਥੋਂ ਦੇ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਪੱਤਰਕਾਰ ਜੀਪੀ ਸਿੰਘ ਨੇ ਥਾਣਾ ਸਿਟੀ ਦੀ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਕੱਲ੍ਹ ਰਾਤ ਜਦੋਂ ਉਹ ਸਿਵਲ ਹਸਪਤਾਲ ਵਿੱਚ ਦਾਖ਼ਲ ਆਪਣੇ ਵੱਡੇ ਭਰਾ ਦਾ ਹਾਲਚਾਲ ਜਾਣਨ ਲਈ ਪੁੱਜਿਆ ਤਾਂ ਉਥੇ ਮੌਜੂਦ ਡਾਕਟਰ ਸਿਕੰਦਰ ਸਿੰਘ ਨੇ ਉਸ ਦੀ ਕੁੱਟਮਾਰ ਕਰ ਦਿੱਤੀ। ਪੁਲੀਸ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਜੀਪੀ ਸਿੰਘ ਦੀ ਡਾ. ਸਿਕੰਦਰ ਸਿੰਘ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਦੀ ਜਾਂਚ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।