ਖੇਤਰੀ ਪ੍ਰਤੀਨਿਧ
ਪਟਿਆਲਾ, 20 ਜੁਲਾਈ
ਮੰਗਲ਼ਵਾਰ ਨੂੰ ਸਵੇਰੇ ਹੀ ਸ਼ੁਰੂ ਹੋਏ ਭਰਵੇਂ ਮੀਂਹ ਨੇ ਸ਼ਾਹੀ ਸ਼ਹਿਰ ਪਟਿਆਲਾ ਮੁੜ ਜਲ ਥਲ ਹੋਇਆ। ਕਈ ਥਾਂ ਹੜ੍ਹਾਂ ਵਰਗੇ ਦ੍ਰਿਸ਼ ਵੀ ਨਜ਼ਰ ਆਏ। ਇਸ ਦੌਰਾਨ ਅਨਾਰਦਾਣਾ ਚੌਕ, ਚਾਂਦਨੀ ਚੌਕ, ਤ੍ਰਿਪੜੀ ਖੇਤਰ, ਬਹੇੜਾ ਰੋਡ ਸਮੇਤ ਅਨੇਕਾਂ ਹੋਰ ਥਾਵਾਂ ਤੇ ਸੜਕਾਂ ’ਤੇ ਪਾਣੀ ਭਰਿਆ ਰਿਹਾ। ਕਈ ਸੜਕਾਂ ਨੇ ਤਾਂ ਜਣੋ ਨਹਿਰਾਂ ਦਾ ਰੂਪ ਹੀ ਧਾਰਨ ਕੀਤਾ ਹੋਇਆ ਸੀ। ਮੇਅਰ ਸੰਜੀਵ ਬਿੱਟੂ ਵੱਲੋਂ ਐਤਕੀ ਸਰਕਾਰ ਵੱਲੋਂ ਸ਼ਹਿਰ ’ਚੋਂ ਪਾਣੀ ਦੀ ਨਿਕਾਸੀ ਨੂੰ ਸੁਚੱਜੇ ਢੰਗ ਨਾਲ਼ ਯਕੀਨੀ ਬਣਾਓਣ ਲਈ ਕਰੋੜਾਂ ਰੁਪਏ ਖਰਚ ਕਰਨ ਦੇ ਕੀਤੇ ਜਾ ਰਹੇ ਦਾਅਵੇ ਬਿਲਕੁਲ ਦਰੁਸਤ ਹਨ ਪਰ ਇਸ ਦੇ ਬਾਵਜੂਦ ਸ਼ਹਿਰ ਅਜੇ ਵੀ ਬਰਸਾਤੀ ਪਾਣੀ ਦੀ ਢੁਕਵੀਂ ਨਿਕਾਸੀ ਨਾ ਹੋਣ ਦੇ ਮਾਮਲੇ ਨੂੰ ਲੈ ਕੇ ਡਾਢੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਵਾਲ਼ੀ ਵਾਰਡ ਦੇ ਸਾਬਕਾ ਕੌਂਸਲਰ ਤੇ ਅਕਾਲੀ ਦਲ ਦੇ ਪਧਾਨ ਹਰਪਾਲ ਜੁਨੇਜਾ, ਜੋ ਸ਼ਹਿਰ ’ਚ ਫੇਰੀ ਨਾ ਪਾਉਣ ਦੇ ਮਾਮਲੇ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ‘ਗੁੰਮਸ਼ੁਦਗੀ’ ਦੇ ਪੋਸਟਰ ਲਾਉਣ ਮਗਰੋਂ ਵਧੇਰੇ ਚਰਚਿਤ ਹੋਏ ਸਨ, ਨੇ ਪਾਣੀ ਦੀ ਵਾਸੀ ਦੇ ਮਾਮਲੇ ਨੂੰ ਲੈ ਕੇ ਅੱਜ ਵੀ ਪੰਜਾਬ ਸਰਕਾਰ ਨੂੰ ਖੂਬ ਭੰਡਿਆ। ਅਗਾਮੀ ਵਿਧਾਨ ਸਭਾ ਚੋਣਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਸਮਝੇ ਜਾ ਰਹੇ ਹਰਪਾਲ ਜੁਨੇਜਾ ਦਾ ਕਹਿਣਾ ਸੀ ਕਿ ਜੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਦਾ ਹੀ ਇਹ ਹਾਲ ਹੈ, ਤਾਂ ਪੰਜਾਬ ਦੇ ਹੋਰਾਂ ਖੇਤਰਾਂ ’ਚ ਸਭ ਅੱਛਾ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਹਰਪਾਲ ਜੁਨੇਜਾ ਦਾ ਕਹਿਣਾ ਸੀ ਕਿ ਬਰਸਾਤਾਂ ਦੇ ਦਿਨਾ ’ਚ ਮੋਤੀ ਮਹਿਲ ਦੇ ਆਲ਼ੇ ਦੁਆਲ਼ੇ ਦੇ ਖੇਤਰਾਂ ਦਾ ਹੀ ਬੁਰਾ ਹਾਲ ਹੋ ਜਾਂਦਾ ਹੈ।