ਗੁਰਨਾਮ ਸਿੰਘ ਅਕੀਦਾ
ਪਟਿਆਲਾ, 20 ਨਵੰਬਰ
ਇੱਥੇ ਪਿੰਡ ਦੌਣ ਕਲਾਂ ਵਿੱਚ ਢੀਂਡਸਾ ਯੂਥ ਕਲੱਬ ਵੱਲੋਂ ਕਰਵਾਇਆ ਗਿਆ ਕਿ 43ਵਾਂ ਕਬੱਡੀ ਕੱਪ ਦਿੜ੍ਹਬਾ ਮੰਡੀ ਦੀ ਟੀਮ ਨੇ ਜਿੱਤ ਲਿਆ, ਜਦਕਿ ਧਮਧਾਨ ਸਾਹਿਬ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸ ਕਬੱਡੀ ਕੱਪ ਦੇ ਜੇਤੂਆਂ ਨੂੰ ਇਨਾਮ ਬਲਤੇਜ ਪੰਨੂ ਨੇ ਵੰਡੇ। ਦਿੜ੍ਹਬਾ ਮੰਡੀ ਤੇ ਧਮਧਾਨ ਸਾਹਿਬ ਦੀ ਟੀਮ ਦੇ ਜਾਫੀ ਚਿਰਾਗ਼ਦਾਨ ਤੇ ਧਾਵੀ ਪੰਨੀ ਸਮਾਣਾ ਨੂੰ ਇੱਕ-ਇੱਕ ਫੋਰਡ ਟਰੈਕਟਰ ਦਿੱਤਾ ਗਿਆ।
ਕਬੱਡੀ ਕੱਪ ਦੇ ਪ੍ਰਬੰਧਕ ਜਸਵਿੰਦਰ ਸਿੰਘ ਸਰਪੰਚ ਆਕੜੀ ਤੇ ਪ੍ਰਧਾਨ ਮੱਖਣ ਕੋਚ ਨੇ ਦੱਸਿਆ ਕਿ ਹਰ ਸਾਲ ਉਹ ਪਿੰਡ ਦੌਣ ਕਲਾਂ ਵਿਚ ਕਬੱਡੀ ਕੱਪ ਕਰਾਉਂਦੇ ਹਨ। ਇਸ ਸਾਲ 8 ਟੀਮਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਜਾਫੀਆਂ ਤੇ ਰੇਡਰਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਫਾਈਨਲ ਮੁਕਾਬਲਾ ਦਿੜ੍ਹਬਾ ਮੰਡੀ ਦੀ ਟੀਮ ਤੇ ਧਮਧਾਨ ਸਾਹਿਬ ਦੀ ਟੀਮ ਵਿਚਕਾਰ ਹੋਇਆ, ਜਿਸ ’ਚ ਜਾਫੀਆਂ ਤੇ ਧਾਵੀਆਂ ਨੇ ਜੁੱਸੇ ਦੇ ਜੌਹਰ ਦਿਖਾਏ। ਫਤਿਹ ਹਾਸਲ ਕਰਦਿਆਂ ਦਿੜ੍ਹਬਾ ਮੰਡੀ ਦੀ ਟੀਮ ਨੇ ਇਕ ਲੱਖ ਰੁਪਏ ਤੇ ਦੂਜੇ ਸਥਾਨ ’ਤੇ ਰਹੀ ਧਮਧਾਨ ਸਾਹਿਬ ਦੀ ਟੀਮ ਨੇ 75 ਹਜ਼ਾਰ ਰੁਪਏ ਜਿੱਤੇ।