ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 22 ਮਾਰਚ
ਹਲਕਾ ਰਾਜਪੁਰਾ ਦੇ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਵੋਟਰਾਂ, ਸਮਰਥਕਾਂ ਅਤੇ ਵਰਕਰਾਂ ਦਾ ਧੰਨਵਾਦ ਕਰਨ ਲਈ ਆਪਣੀ ਰਿਹਾਇਸ਼ ’ਤੇ ਇਕ ਧੰਨਵਾਦੀ ਸਮਾਗਮ ਕਰਵਾਇਆ। ਸਮਾਗਮ ਵਿੱਚ ਵੱਡੀ ਗਿਣਤੀ ਉਨ੍ਹਾਂ ਦੇ ਵਰਕਰਾਂ ਨੇ ਹਿੱਸਾ ਲਿਆ।
ਇਸ ਦੌਰਾਨ ਸਾਬਕਾ ਵਿਧਾਇਕ ਨੇ ਚੋਣਾਂ ਵਿੱਚ ਹਾਰ ਦਾ ਕਾਰਨ ਬਣੀਆਂ ਖਾਮੀਆਂ ਨੂੰ ਭਵਿੱਖ ਵਿਚ ਦੂਰ ਕਰਨ ਦਾ ਅਹਿਦ ਲਿਆ। ਉਨ੍ਹਾਂ ਸਮੁੱਚੇ ਪੰਜਾਬ ਵਿਚ ਕਾਂਗਰਸ ਦੀ ਹੋਈ ਮਾੜੀ ਦੁਰਦਸ਼ਾ ਬਾਰੇ ਸੂਬਾਈ ਹਾਈ ਕਮਾਂਡ ਨੂੰ ਜ਼ਿੰਮੇਵਾਰ ਦੱਸਿਆ। ਭਾਵੇਂ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸਿੱਧਾ ਤਾਂ ਨਹੀਂ ਲਿਆ ਪਰ ਉਨ੍ਹਾਂ ਇਸ਼ਾਰਾ ਕਰਦਿਆਂ ਕਿਹਾ ਕਿ ਉਹ (ਸਾਰੇ ਵਿਧਾਇਕ) ਸੁੂਬਾ ਪਾਰਟੀ ਹਾਈ ਕਮਾਂਡ ਨੂੰ ਕਹਿੰਦੇ ਰਹੇ ਕਿ ਪੰਜਾਬ ਵਿਚ ਵੋਟਰ ਉਨ੍ਹਾਂ ਤੋਂ ਨਿਰਾਸ਼ ਹਨ ਪਰ ਸਾਢੇ ਚਾਰ ਸਾਲ ਕਿਸੇ ਵੀ ਵਿਧਾਇਕ ਦੀ ਨਹੀਂ ਸੁਣੀ ਗਈ। ਆਖ਼ਿਰ ਵਿਚ ਉਹ ਉਸ ਪਾਰਟੀ ਨਾਲ ਜਾ ਰਲੇ ਜਿਸ ਉੱਪਰ ਕਿਸਾਨੀ ਸੰਘਰਸ਼ ਦੌਰਾਨ ਸਾਢੇ ਸੱਤ ਸੌ ਕਿਸਾਨਾਂ ਦੀ ਮੌਤ ਦਾ ਇਲਜ਼ਾਮ ਹੈ।