ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 27 ਦਸੰਬਰ
ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਪਿੰਡ ਪਿਲਖਣੀ ਨੇੜੇ ਜੀਟੀ ਰੋਡ ਨਾਲ ਜੋੜਦੀ 1.25 ਕਿਲੋਮੀਟਰ ਲੰਮੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਸਰਪੰਚ ਬੂਟਾ ਸਿੰਘ ਤੇ ਸਮੂਹ ਪੰਚਾਇਤ ਵੱਲੋਂ ਪਿੰਡ ਵਿਚ ਅੱਜ ਕਰਵਾਏ ਗਏ ਸਮਾਗਮ ਦੌਰਾਨ ਵਿਧਾਇਕ ਕੰਬੋਜ ਨੇ ਕਿਹਾ ਕਿ ਉਹ ਰਾਜਪੁਰਾ ਨੂੰ ਦੇਸ਼ ਦਾ ਸਿਖਰਲਾ ਹਲਕਾ ਬਣਾਉਣਾ ਚਾਹੁੰਦੇ ਹਨ। ਇਸ ਦੀ ਪੂਰਤੀ ਲਈ ਉਹ ਆਪਣੀ ਪੂਰੀ ਵਾਹ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੜਕ ਨਾਲ ਨੇੜਲੇ ਕਈ ਪਿੰਡਾ ਨੂੰ ਫ਼ਾਇਦਾ ਮਿਲੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 1.25 ਕਿਲੋਮੀਟਰ ਲੰਮੀ ਸੜਕ ਦੇ ਨਿਰਮਾਣ ’ਤੇ 35 ਲੱਖ ਰੁਪਏ ਦਾ ਖ਼ਰਚ ਆਵੇਗਾ। ਵਿਰੋਧੀਆਂ ਵੱਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਸਬੰਧੀ ਉਨ੍ਹਾਂ ਕਿਹਾ ਕਿ ਰਾਜਪੁਰਾ ਦੇ ਹੋਏ ਵਿਕਾਸ ਨੂੰ ਦੇਖਦੇ ਹੋਏ ਵਿਰੋਧੀ ਬੌਖਲਾਹਟ ਵਿਚ ਆ ਗਏ ਹਨ। ਇਸ ਮੌਕੇ ਹਰਭਜਨ ਸਿੰਘ ਪਿਲਖਣੀ, ਨਿਸ਼ਾਨ ਸਿੰਘ ਪਰਮਜੀਤ ਸਿੰਘ, ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਜਸਪਾਲ ਸਿੰਘ, ਐੱਸਡੀਓ ਰਾਜੀਵ ਗੌੜ ਵੀ ਹਾਜ਼ਰ ਸਨ।