ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 17 ਜਨਵਰੀ
ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਮੁੜ ਟਿਕਟ ਮਿਲਣ ਮਗਰੋਂ ਕੰਬੋਜ ਨੇ ਅੱਜ ਪਰਿਵਾਰ ਸਮੇਤ ਰਾਜਪੁਰਾ ਦੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਮਗਰੋਂ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਰਾਜਪੁਰਾ ਟਾਊਨ ਦੇ ਗੁਰਦੁਆਰਾ ਸਿੰਘ ਸਭਾ ਅਤੇ ਨਲਾਸ ਸ਼ਿਵ ਮੰਦਰ ਹਾਜ਼ਰੀ ਭਰੀ। ਇਸ ਮੌਕੇ ਵਿਧਾਇਕ ਕੰਬੋਜ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਹਲਕੇ ਵਿਚ ਚੋਣ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਕੌਰ ਕੰਬੋਜ, ਪੁੱਤਰ ਨਿਰਭੈ ਸਿੰਘ ਮਿਲਟੀ, ਸੰਦੀਪ ਕੌਰ ਕੰਬੋਜ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਕੰਬੋਜ ਨੂੰ ਹਾਈਕਮਾਂਡ ਨੇ ਹਲਕਾ ਰਾਜਪੁਰਾ ਤੋਂ ਚੌਥੀ ਵਾਰ ਟਿਕਟ ਦਿੱਤੀ ਹੈ। ਕਾਂਗਰਸ ਪਾਰਟੀ ਨੇ 2007 ਵਿਚ ਪਹਿਲੀ ਵਾਰ ਉਸ ਵੇਲੇ ਦੇ ਮੌਜੂਦਾ ਵਿਧਾਇਕ ਰਾਜ ਖੁਰਾਣਾ ਦੀ ਟਿਕਟ ਕੱਟ ਕੇ ਹਰਦਿਆਲ ਸਿੰਘ ਕੰਬੋਜ ਨੂੰ ਉਮੀਦਵਾਰ ਬਣਾਇਆ ਸੀ। ਸ੍ਰੀ ਖੁਰਾਣਾ ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ ਸਨ। ਦੋਵਾਂ ਵਿਚ ਹੋਏ ਮੁਕਾਬਲੇ ਦੌਰਾਨ ਕੰਬੋਜ, ਖੁਰਾਣਾ ਕੋਲੋਂ 14,184 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। 2012 ਵਿਚ ਕੰਬੋਜ ਨੇ ਸ੍ਰੀ ਖੁਰਾਣਾ ਨੂੰ 32 ਹਜ਼ਾਰ ਤੋਂ ਵੱਧ ਦੀ ਵੱਡੀ ਲੀਡ ਨਾਲ ਮਾਤ ਦਿੱਤੀ। 2017 ਵਿਚ ਵੀ ਕੰਬੋਜ ਨੇ 34 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।