ਬੀਰਬਲ ਰਿਸ਼ੀ
ਸ਼ੇਰਪੁਰ, 3 ਅਗਸਤ
ਸ਼ੇਰਪੁਰ ਦੇ ਕਾਤਰੋਂ ਚੌਂਕ ਅੱਜਕੱਲ ਚੰਡੀਗੜ੍ਹ ਦੇ ‘ਮਟਕਾ ਚੌਂਕ’ ਵਾਂਗ ਇਲਾਕੇ ਦੇ ਸੰਘਰਸ਼ਾਂ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ ਕਿਉਂਕਿ ਆਏ ਦਿਨ ਹੁੰਦੇ ਧਰਨੇ, ਮੁਜ਼ਾਹਰੇ ਜਾਂ ਚੱਕਾ ਜ਼ਾਮ ਲਈ ਇਹ ਥਾਂ ਹਰ ਜਥੇਬੰਦੀ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ਪਰ ਦੂਜੇ ਪਾਸੇ ਇਸ ਚੌਕ ਦੇ ਨੇੜੇ-ਤੇੜੇ ਵਾਲੇ ਦੁਕਾਨਦਾਰਾਂ ਦੇ ਨੱਕ ਵਿੱਚ ਦਮ ਹੋਇਆ ਪਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਵਪਾਰੀਆਂ ਦੀਆਂ ਅਪੀਲਾਂ ਦਲੀਲਾਂ ਦੇ ਮੱਦੇਨਜ਼ਰ ਸਰਕਾਰ ਨੇ ਐਤਵਾਰ ਖੁੱਲ੍ਹਾ ਰੱਖਣ ਦੀ ਇਜਾਜ਼ਤ ਦਿੱਤੀ ਸੀ ਜਿਸਤੋਂ ਸ਼ੇਰਪੁਰ ਦੇ ਵਪਾਰੀ ਵੀ ਖੁਸ਼ ਸਨ ਪਰ ਲੰਘੇ ਸ਼ੁੱਕਰਵਾਰ ਇਲਾਕੇ ਦੇ ਪਿੰਡ ਟਿੱਬਾ ਵਿੱਚ ਵਿਆਹੁਤਾ ਨੇ ਜ਼ਹਿਰਲੀ ਚੀਜ਼ ਨਿਗਲਕੇ ਖ਼ੁਦਕੁਸ਼ੀ ਕਰ ਲਈ ਜਦੋਂਕਿ ਪਿੰਡ ਮਾਹਮਦਪੁਰ ’ਚ ਇੱਕ ਨੌਜਵਾਨ ਬਲਬੀਰ ਸਿੰਘ ਬੀਰਾ ਨੇ ਮੋਬਾਈਲ ਟਾਵਰ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸ਼ਨੀਵਾਰ ਨੂੰ ਟਾਵਰ ਤੋਂ ਛਾਲ ਮਾਰਨ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮਰਹੂਮ ਦੀ ਲਾਸ਼ ਕਾਤਰੋਂ ਚੌਕ ’ਚ ਰੱਖ ਕੇ ਰਸਤਾ ਰੋਕ ਲਿਆ ਜਦੋਂ ਐਤਵਾਰ ਨੂੰ ਟਿੱਬਾ ਪਿੰਡ ਦੀ ਸੀਮਾ ਸ਼ਰਮਾ ਦੇ ਪੇਕਾ ਪਰਿਵਾਰ ਨੇ ਲਾਸ਼ ਲਿਆ ਕੇ ਸਾਰਾ ਦਿਨ ਕਾਤਰੋਂ ਚੌਕ ਘੇਰੀ ਰੱਖਿਆ। ਪਿੰਡਾਂ ਤੋਂ ਆਉਂਦੇ ਵਹੀਕਲਾਂ ਨੂੰ ਇੱਥੋਂ ਦੀ ਲੰਘਣਾ ਪੈਂਦਾ ਹੈ ਜਿਸ ਕਰਕੇ ਇਨ੍ਹਾਂ ਸੰਘਰਸ਼ਾਂ ਕਾਰਨ ਆਵਾਜਾਈ ਠੱਪ ਰਹੀ। ਚੌਕ ਨੇੜਲੇ ਮੋਬਾਈਲ ਵਿਕਰੇਤਾ ਨੇ ਦੱਸਿਆ ਕਿ ਜਿਸ ਦਿਨ ਅਜਿਹਾ ਸੰਘਰਸ਼ ਹੁੰਦਾ ਹੈ ਤਾਂ ਦੁਕਾਨ ਬੰਦ ਕਰਨੀ ਪੈਂਦੀ ਹੈ। ਚੌਕ ਦੇ ਗਰੀਬ ਦੁਕਾਨਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਉਸਦੇ ਬੱਚਿਆਂ ਨੇ ਉਤਸ਼ਾਹ ਨਾਲ ਪਹਿਲੀ ਵਾਰ ਰੱਖੜੀ ਦਾ ਅੱਡਾ ਲਗਾਇਆ ਪਰ ਦੋ ਦਿਨ ਬੰਦ ਰਹਿਣ ਕਾਰਨ ਬੱਸ ਇੱਕ ਉਹ ਰੋਏ ਨਹੀਂ ਪਰ ਕਸਰ ਕੋਈ ਨਹੀਂ ਰਹੀ ਕਿਉਂਕਿ ਉਨ੍ਹਾਂ ਨੂੰ ਮੁਨਾਫ਼ੇ ਦੀ ਥਾਂ ਰੱਖੜੀਆਂ ਨਾ ਵਿਕਣ ਕਾਰਨ ਕਾਫ਼ੀ ਆਰਥਿਕ ਝੱਲਣਾ ਪਿਆ ਜਦੋਂਕਿ ਨਾਲ ਲਗਦੇ ਇੱਕ ਕੇਲਿਆਂ ਵਾਲੇ ਨੂੰ ਆਪਣੇ ਕੇਲੇ ਵਾਪਸ ਕਰਨੇ ਪਏ। ਇੱਕ ਹੋਰ ਦੁਕਾਨਦਾਰ ਨੇ ਕਿਹਾ ਕਿ ਅਰਥੀ ਫੂੁਕੇ ਜਾਣ ਮਗਰੋਂ ਇੱਥੇ ਉਸਦੀ ਰਾਖ ਦੇ ਜਲਦਾ ਪੁਤਲਾ ਦੁਕਾਨਦਾਰਾਂ ਲਈ ਸਿਰਦਰਦੀ ਬਣਿਆ ਰਹਿੰਦਾ ਹੈ। ਵਪਾਰ ਮੰਡਲ ਸ਼ੇਰਪੁਰ ਦੇ ਪ੍ਰਧਾਨ ਮਨਦੀਪ ਖੀਪਲ ਨੇ ਕਿਹਾ ਕਿ ਚੌਕ ’ਚ ਹੁੰਦੇ ਧਰਨੇ ਮੁਜ਼ਾਹਰੇ ਜਿੱਥੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਹਨ, ਉਥੇ ਵਪਾਰੀਆਂ ਦੇ ਕੰਮ ਕਾਰ ’ਤੇ ਬੁਰਾ ਅਸਰ ਪੈਂਦਾ ਹੈ ਜਿਸ ਕਾਰਨ ਪ੍ਰਸ਼ਾਸਨ ਨੂੰ ਧਰਨੇ, ਮੁਜ਼ਾਹਰੇ ਕਰਨ ਲਈ ਕੋਈ ਜਗ੍ਹਾ ਨਿਸ਼ਚਿਤ ਕਰਨੀ ਚਹੀਦੀ ਹੈ।