ਸਰਬਜੀਤ ਸਿੰਘ ਭੰਗੂ /ਬਹਾਦਰ ਸਿੰਘ ਮਰਦਾਂਪੁਰ
ਪਟਿਆਲਾ /ਘਨੌਰ , 9 ਜੁਲਾਈ
ਰਾਜਪੁਰਾ ਨੇੜਲੇ ਪਿੰਡ ਖਡੌਲੀ ਵਾਸੀ ਅੱਠ ਸਾਲਾ ਬੱਚੇ ਹਰਸ਼ਪ੍ਰੀਤ ਸਿੰਘ ਨੂੰ ਸੱਤ ਜੁਲਾਈ ਦੀ ਸਵੇਰ ਅਗਵਾ ਕਰਕੇ ਫਿਰੌਤੀ ਲੈਣ ਵਾਲ਼ੇ ਦੋਵੇਂ ਮੁਲਜ਼ਮਾਂ ਨੂੰ ਥਾਣਾ ਖੇੜੀ ਗੰਡਿਆਂ ਦੇ ਐੱਸ.ਐੱਚ.ਓ. ਇੰਸਪੈਕਟਰ ਕਿਰਪਾਲ ਸਿੰਘ ਤੇ ਪੁਲੀਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਪਿਸਤੌਲ ਤੇ ਕੁਝ ਕਾਰਤੂਸਾਂ ਸਮੇਤ ਚੋਰੀ ਦਾ ਮੋਟਰਸਾਈਕਲ ਤੇ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ। ਸਿਤਮ ਇਹ ਹੈ ਕਿ ਦੋਵੇਂ ਅਗਵਾਕਾਰ ਸਕੂਲ ਪੱਧਰ ਦੇ ਵਿਦਿਆਰਥੀ ਹਨ ਤੇ ਇਕ ਤਾਂ ਬੱਚੇ ਦੇ ਹੀ ਪਿੰਡ ਦਾ ਹੈ।
ਐੱਸਐੱਸਪੀ ਦੀਪਕ ਪਾਰਿਕ ਨੇ ਅੱਜ ਸ਼ਾਮ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾ ਵਿੱਚੋਂ ਸ਼ਰਨਦੀਪ ਸਿੰਘ ਸ਼ਾਨ ਤਾਂ ਖਡੌਲੀ ਦਾ ਹੀ ਵਸਨੀਕ ਹੈ। ਉਸ ਦਾ ਸਾਥੀ ਲਖਬੀਰ ਸਿੰਘ ਲੱਖਾ ਨੇੜਲੇ ਪਿੰਡ ਅਲੀਪੁਰ ਮੰਡਵਾਲ਼ ਦਾ ਵਾਸੀ ਹੈ। ਸ਼ਾਨ ਦਸਵੀਂ ਕਰ ਰਿਹਾ ਹੈ। ਇਕ ਪੇਪਰ ਵਿੱਚੋਂ ਫੇਲ੍ਹ ਹੋਣ ਕਾਰਨ ਇਹ ਪੇਪਰ ਦੁਬਾਰਾ ਦੇ ਰਿਹਾ ਹੈ। ਲੱਖੇ ਨੇ ਐਤਕੀਂ ਹੀ ਬਾਰ੍ਹਵੀਂ ਕੀਤੀ ਹੈ।
ਪੁਲੀਸ ਮੁਖੀ ਨੇ ਦੱਸਿਆ ਕਿ ਪਟਿਆਲਾ ਦੇ ਡੀਐੱਸਪੀ (ਇਨਵੈਸ਼ਟੀਗੇਸ਼ਨ) ਸੁਖ ਅੰਮ੍ਰਿਤ ਰੰਧਾਵਾ ਅਤੇ ਘਨੌਰ ਦੇ ਡੀਐਸਪੀ ਰਘਬੀਰ ਸਿੰਘ ਦੀ ਅਗਵਾਈ ਹੇਠਾਂ ਮੁਲਜ਼ਮਾਂ ਨੂੰ ਖੇੜੀਗੰਡਿਆਂ ਥਾਣੇ ਦੇ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਤੇ ਟੀਮ ਨੇ ਕਾਬੂ ਕੀਤਾ। ਸ਼ਾਨ ਕੋਲ਼ੋਂ ਪਿਸਤੌਲ ਅਤੇ ਤਿੰਨ ਕਾਰਤੂਸ ਅਤੇ ਲੱੱਖੇ ਤੋਂ ਦੋ ਕਾਰਤੂਸ ਮਿਲੇ ਹਨ। ਵਰਤਿਆ ਮੋਟਰਸਾਈਕਲ ਰਾਜਪੁਰਾ ਤੋਂ ਚੋਰੀ ਕੀਤਾ ਗਿਆ ਸੀ ਜਿਸ ’ਤੇ ਫਰਜ਼ੀ ਨੰਬਰ ਲਾਇਆ ਹੋਇਆ ਸੀ। ਵਾਰਦਾਤ ਲਈ ਵਰਤਿਆ ਮੋਬਾਈਲ ਫੋਨ ਉਨ੍ਹਾਂ ਨੇ ਇੱਕ ਸਕੂਲ ਵਿਦਿਆਰਥੀ ਦਾ ਸੀ, ਜੋ ਕੁਝ ਸਮਾਂ ਪਹਿਲਾਂ ਚੋਰੀ ਕੀਤਾ ਗਿਆ ਸੀ।
ਉਧਰ ਇੰਸਪੈਕਟਰ ਕਿਰਪਾਲ ਸਿੰਘ ਦਾ ਕਹਿਣਾ ਸੀ ਕਿ ਦੋ ਦਿਨਾਂ ਦਾ ਪੁਲੀਸ ਰਿਮਾਂਡ ਮਿਲਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਇਨ੍ਹਾਂ ਨੇ ਸੱਤ ਜੁਲਾਈ ਦੀ ਸਵੇਰ ਨੂੰ ਭੱਦਕ ਸਥਿਤ ਸਕੂਲ ਜਾ ਰਹੇ ਖਡੌਲੀ ਵਾਸੀ ਅੱਠ ਸਾਲਾ ਹਰਸ਼ਪ੍ਰੀਤ ਨੂੰ ਅਗਵਾ ਕਰਕੇ ਬੱਚੇ ਦੇ ਪਿਤਾ ਚਰਨਜੀਤ ਸਿੰਘ ਤੋਂ ਤਿੰਨ ਲੱਖ ਫਿਰੌਤੀ ਮੰਗੀ ਗਈ ਸੀ।
ਤਿੰਨ ਘੰਟਿਆਂ ਮਗਰੋਂ ਬੱਚਾ ਕਈ ਕਿਲੋਮੀਟਰ ਦੂਰ ਸਫ਼ੈਦਿਆਂ ਵਾਲ਼ੇ ਇੱਕ ਖੇਤ ਵਿਚਕਾਰ ਸਥਿਤ ਕੋਠੇ/ਕਮਰੇ ਵਿਚੋਂ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਸੀ। ਪੁਲੀਸ ਨੇ ਤਿੰਨ ਲੱਖ ਮੰਗਣ ਦੀ ਗੱਲ ਤਾਂ ਸਵੀਕਾਰ ਰਹੀ ਹੈ। ਪਰ ਫਿਰੌਤੀ ਲਈ ਹੋਣ ਦੇ ਮਾਮਲੇ ’ਤੇ ਚੁੱਪੀ ਧਾਰ ਰਹੀ ਹੈ।