ਰਮੇਸ਼ ਭਾਰਦਵਾਜ
ਲਹਿਰਾਗਾਗਾ,18 ਸਤੰਬਰ
ਇੱਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ ਅੱਜ 352ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਦਰਸ਼ਨ ਸਿੰਘ ਚੰਗਾਲੀਵਾਲਾ, ਬਹਾਦਰ ਸਿੰਘ ਭੁਟਾਲ ਖੁਰਦ, ਲੀਲਾ ਸਿੰਘ ਚੋਟੀਆਂ, ਸੁਖਦੇਵ ਸ਼ਰਮਾ ਭੁਟਾਲ ਖੁਰਦ, ਮਾਸਟਰ ਗੁਰਚਰਨ ਸਿੰਘ ਖੋਖਰ, ਹਰਜਿੰਦਰ ਸਿੰਘ ਨੰਗਲਾ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ, ਬਿੰਦਰ ਸਿੰਘ ਖੋਖਰ, ਰਾਮਚੰਦ ਸਿੰਘ ਚੋਟੀਆਂ, ਨਿੱਕਾ ਸਿੰਘ ਸੰਗਤੀਵਾਲਾ, ਕਰਮਜੀਤ ਕੌਰ ਭੁਟਾਲ ਕਲਾਂ, ਬਲਜੀਤ ਕੌਰ ਲਹਿਲ ਕਲਾਂ ਮਜ਼ਦੂਰ ਆਗੂ, ਜਸਵਿੰਦਰ ਕੌਰ ਗਾਗਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਸੁਝੱਜੇ ਢੰਗ ਨਾਲ ਚੱਲ ਰਹੇ ਹਨ। ਮੋਰਚਿਆਂ ਵਿੱਚ ਕਿਰਤੀ ਲੋਕਾਂ ਦੀ ਤਦਾਦ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਕੂਮਤ ਖ਼ਿਲਾਫ਼ ਰੋਸ ਵਜੋਂ ਨਾਅਰੇਬਾਜ਼ੀ ਜਾਰੀ ਹੈ।
ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਅੱਠ ਤੋਂ ਘਟਾ ਕੇ ਸਿਰਫ਼ 3-4 ਘੰਟੇ ਦਿੱਤੀ ਜਾਂਦੀ ਹੈ। ਇਹ ਸਰਕਾਰ ਦੀ ਕਿਸਾਨਾਂ ਨਾਲ ਵਾਆਦਾਖ਼ਿਲਾਫ਼ੀ ਹੈ। ਬਿਜਲੀ ਸਪਲਾਈ ਘੱਟ ਆਉਣ ਨਾਲ ਪੂਰੇ ਖੇਤ ਨੂੰ ਪਾਣੀ ਨਾ ਆਉਣ ਕਰ ਕੇ ਝੋਨੇ ਦੀ ਫ਼ਸਲ ਸੁਕਦੀ ਜਾ ਰਹੀ ਹੈ। ਉੱਪਰੋਂ ਫ਼ਸਲ ਦੇ ਪੱਕਣ ਦਾ ਸਮਾਂ ਹੈ ਜਿਸ ਨਾਲ ਝੋਨੇ ਦੇ ਝਾੜ੍ਹ ਵਿੱਚ ਘਾਟਾ ਪਵੇਗਾ। ਇਸ ਕਰ ਕੇ ਸਰਕਾਰ ਇਸ ਗੱਲ ਵੱਲ ਧਿਆਨ ਦੇਣ ਦੀ ਚਿਤਾਵਨੀ ਦਿੱਤੀ।
ਲਹਿਰਾਗਾਗਾ ’ਚ ਰਿਲਾਇੰਸ ਪੰਪ ਅੱਗੇ ਪੱਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ।