ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 17 ਫਰਵਰੀ
ਬਸੰਤ ਪੰਚਮੀ ਸਬੰਧੀ ਵੱਖ ਵੱਖ ਵਿਦਿਅਕ ਸੰਸਥਾਵਾਂ ਵੱਲੋਂ ਵੀ ਪ੍ਰੋਗਰਾਮ ਕਰਵਾਏ ਗਏ। ਬਸੰਤ ਪੰਚਮੀ ਦੇ ਮੱਦੇਨਜ਼ਰ ਜਿਥੇ ਸ਼ਹਿਰ ’ਚ ਵੱਡੇ ਪੱਧਰ ’ਤੇ ਅੱਜ ਪਤੰਗਬਾਜੀ ਨਜ਼ਰ ਆਈ, ਉਥੇ ਹੀ ਵੱਖ ਵੱਖ ਵਿਦਿਅਕ ਸੰਸਥਾਵਾਂ ਵੱਲੋਂ ਵੀ ਬਸੰਤ ਨੂੰ ਸਮਰਪਿਤ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਗਏ। ਸਥਾਨਕ ਲੱਕੀ ਮਾਡਰਨ ਹਾਈ ਸਕੂਲ ਵੱਲੋਂ ਬਸੰਤ ਦੀ ਮਹੱਤਤਾ ’ਤੇ ਸੈਮੀਨਾਰ ਕਰਵਾਇਆ ਗਿਆ, ਇਸ ਦੌਰਾਨ ਚੀਨੀ ਡੋਰ ਦੇ ਮਾੜੇ ਪ੍ਰਭਾਵਾਂ ਤੋਂ ਵਿਦਿਆਰਥੀਆ ਨੂੰ ਵਿਸਥਾਰ ’ਚ ਜਾਣੂ ਕਰਵਾਇਆ ਗਿਆ। ਇਸ ਤਰ੍ਹਾਂ ਪੁਲੀਸ ਡੀ.ਏ.ਵੀ.ਸਕੂਲ ’ਚ ਬਸੰਤ ’ਤੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ’ਚ ਹਿੱਸਾ ਲਿਆ। ਇਸੇ ਤਰ੍ਹਾਂ ਜਸਦੇਵ ਪਬਲਿਕ ਸਕੂਲ ਕੌਲੀ ’ਚ ਬਸੰਤ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਅਤੇ ਪ੍ਰਿੰਸੀਪਲ ਅਨੂਪਇੰਦਰ ਕੌਰ ਸੰਧੂ ਨੇ ਆਖਿਆ ਕਿ ਪੰਜਾਬ ਰੰਗਾਂ ਅਤੇ ਤਿਉਹਾਰਾਂ ਦੀ ਧਰਤੀ ਹੈ ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਦਿਨਾਂ ਨੂੰ ਸਿੱਖਿਆ ਸੰਸਥਾਵਾਂ ਵਿਚ ਮਨਾ ਕਿ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ।
ਰਾਜਪੁਰਾ (ਪੱਤਰ ਪ੍ਰੇਰਕ): ਇੱਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ’ਚ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ, ਡਾਇਰੈਕਟਰ ਡਾ. ਸੁਖਬੀਰ ਸਿੰਘ ਥਿੰਦ ਅਤੇ ਪੀਆਈਐੱਮਟੀ ਡਾਇਰੈਕਟਰ ਡਾ. ਜਗੀਰ ਸਿੰਘ ਢੇਸਾ ਦੀ ਸਾਂਝੀ ਦੇਖਰੇਖ ਵਿੱਚ ਬਸੰਤ ਰਿਤੂ ਅਤੇ ਮਾਤਾ ਸਰਸਵਤੀ ਨੂੰ ਸਮਰਪਿਤ ਬਸੰਤ ਪੰਚਮੀ ਦਾ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ।
ਸੰਦੌੜ (ਪੱਤਰ ਪ੍ਰੇਰਕ): ਮਾਡਰਨ ਸੈਕੂਲਰ ਪਬਲਿਕ ਸਕੂਲ ਸੇਰਗੜ ਚੀਮਾ ਵਿੱਚ ਡਾਇਰੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿਚ ਨਰਸਰੀ ਤੋਂ ਚੌਥੀ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਅਤੇ ਆਪਣੀਆਂ ਕਲਾਸਾਂ ਨੂੰ ਪੀਲੇ ਰੰਗ ਦੇ ਗੁਬਾਰਿਆਂ ਅਤੇ ਫੁੱਲਾਂ ਦੇ ਨਾਲ ਸਜਾਇਆ। ਵਿਦਿਆਰਥੀ ਦੁਪਹਿਰ ਵੇਲੇ ਖਾਣੇ ਵਿਚ ਲੱਡੂ ਅਤੇ ਚੌਲ ਲੈ ਕੇ ਆਏ। ਵਿਦਿਆਰਥੀਆਂ ਨੇ ਬਸੰਤ ਪੰਚਮੀ ਨੂੰ ਲੈ ਕੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪੋਸਟਰ ਵੀ ਬਣਾਏ। ਪ੍ਰਿੰਸੀਪਲ ਡਾ. ਨੀਤੂ ਸੇਠੀ ਅਤੇ ਪ੍ਰਿੰਸੀਪਲ ਪੁਸ਼ਪਿੰਦਰਜੀਤ ਸਿੰਘ ਨੇ ਬੱਚਿਆਂ ਨੂੰ ਬਸੰਤ ਪੰਚਮੀ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ।