ਪੱਤਰ ਪ੍ਰੇਰਕ
ਰਾਜਪੁਰਾ, 27 ਅਗਸਤ
ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ ਅਤੇ ਗਲੀ-ਮੁਹੱਲਿਆਂ ਵਿੱਚ ਲੋਕਾਂ ਦੀ ਜਾਨ ਦਾ ਖੌਅ ਬਣੇ ਆਵਾਰਾ ਪਸ਼ੂਆਂ ਦੀ ਮਿਨੀ ਸਕੱਤਰੇਤ ਵਿੱਚ ਦਸਤਕ ਨਾਲ ਨਗਰ ਕੌਂਸਲ ਵੱਲੋਂ ਪਸ਼ੂਆਂ ਨੂੰ ਕਾਬੂ ਕਰਨ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਜਾਣਕਾਰੀ ਅਨੁਸਾਰ ਮਿਨੀ ਸਕੱਤਰੇਤ ਦੇ ਦਰਜਨਾਂ ਹੀ ਦਫਤਰਾਂ ਵਿੱਚ ਕੰਮਾਂ ਲਈ ਆਉਂਦੇ ਸੈਂਕੜੇ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ, ਕਿਉਂਕਿ ਖੇਤਰ ਵਿੱਚ ਆਵਾਰਾ ਪਸ਼ੂਆਂ ਨੇ ਬੀਤੇ ਸਮੇਂ ਦੌਰਾਨ ਕਈ ਲੋਕਾਂ ਦੀ ਜਾਨ ਲਈ ਹੈ। ਇਸ ਤੋਂ ਇਲਾਵਾ ਕਈ ਜ਼ਖ਼ਮੀ ਵੀ ਹੋਏ ਹਨ। ਮਿਨੀ ਸਕੱਤਰੇਤ ਦੇ ਅਹਾਤੇ ਵਿੱਚ ਲਾਵਾਰਿਸ ਪਸ਼ੂਆਂ ਦੀ ਦਸਤਕ ਨਾਲ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੁੰਦਾ ਹੈ।
ਆਵਾਰਾ ਪਸ਼ੂਆਂ ਨੂੰ ਕਾਬੂ ਕੀਤਾ ਜਾਵੇਗਾ: ਨਰਿੰਦਰ ਸ਼ਾਸਤਰੀ
ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਸ਼ਹਿਰੀ ਖੇਤਰ ਦੀਆਂ ਸੜਕਾਂ ਅਤੇ ਮਿਨੀ ਸਕੱਤਰੇਤ ਸਮੇਤ ਹੋਰਨਾਂ ਜਨਤਕ ਥਾਵਾਂ ’ਤੇ ਘੁੰਮਦੇ ਆਵਾਰਾ ਪਸ਼ੂੂਆਂ ਵਿੱਚ ਵੱਡੀ ਗਿਣਤੀ ਸਾਨ੍ਹਾਂ ਦੀ ਹੈ। ਜਿਨ੍ਹਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੀ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਮੀਟਿੰਗ ਹੋ ਚੁੱਕੀ ਹੈ। ਇਨ੍ਹਾਂ ਸਾਨ੍ਹਾਂ ਨੂੰ 3-4 ਦਿਨਾਂ ਵਿੱਚ ਕੈਟਲ ਕੈਪਚਰ ਵੈਨ ਨਾਲ ਕਾਬੂ ਕਰਕੇ ਵੱਖਰੀ ਗਊਸ਼ਾਲਾ ਵਿੱਚ ਰੱਖਿਆ ਜਾਵੇਗਾ ਅਤੇ ਸਾਨ੍ਹਾਂ ਦੀ ਸਾਂਭ ਸੰਭਾਲ ਲਈ ਕੌਂਸਲ ਵੱਲੋਂ ਗਊਸ਼ਾਲਾ ਪ੍ਰਬੰਧਕਾਂ ਨੂੰ ਫੰਡ ਦਿੱਤੇ ਜਾਣਗੇ।