ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 19 ਅਕਤੂਬਰ
ਨੇੜਲੇ ਪਿੰਡ ਮੁਰਾਦਮਾਜਰਾ ਦੇ ਅਗਾਂਹਵਧੂ ਕਿਸਾਨ ਰਾਧਾ ਕ੍ਰਿਸ਼ਨ ਅਨੇਜਾ ਪਿੱਛਲੇ 12 ਸਾਲਾਂ ਤੋਂ ਆਪਣੇ ਖੇਤ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਪਰਾਲੀ ਦੀਆਂ ਗੰਢਾਂ ਬਣਾਉਂਦਾ ਆ ਰਿਹਾ ਹੈ।
ਕਿਸਾਨ ਰਾਧਾ ਕ੍ਰਿਸ਼ਨ ਅਨੇਜਾ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਸਾਰੇ ਖੇਤ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਤੇ ਗੰਢਾਂ ਬਣਵਾਉਂਦਾ ਆ ਰਿਹਾ ਹੈ। ਇਸ ਨਾਲ ਉਸ ਦੇ ਖੇਤ ਦੀ ਪੈਦਾਵਾਰ ਵਧੀ ਹੈ ਅਤੇ ਵਾਤਾਵਰਨ ਵੀ ਗੰਧਲਾ ਨਹੀਂ ਹੁੰਦਾ। ਇਸ ਲਈ ਉਸ ਨੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਪਰਾਲੀ ਦੀਆਂ ਗੰਢਾ ਬਣਾ ਕੇ ਪਰਾਲੀ ਖੇਤ ਤੋਂ ਬਾਹਰ ਕੱਢ ਕੇ ਖੇਤ ਦੀ ਪੈਦਾਵਾਰ ਵਧਾਉਣ।
ਇਸ ਮੌਕੇ ਥਾਣਾ ਜੁਲਕਾਂ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਵੀ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ਪਰਾਲੀ ਨੂੰ ਅੱਗ ਨਾ ਲਗਾਉਣ, ਇਸ ਨਾਲ ਪ੍ਰਦੂਸ਼ਣ ਫੈਲਦਾ ਹੈ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਇਸ ਮੌਕੇ ਦਰਸ਼ਨ ਬਧਵਾਰ, ਗੁਰਭਿੰਦਰ ਬਾਵਾ, ਸਿਮਰਨ ਮਸੀਂਗਣ ਆਦਿ ਵੀ ਮੌਜੂਦ ਸਨ।