ਅਸ਼ਵਨੀ ਗਰਗ
ਸਮਾਣਾ, 9 ਫਰਵਰੀ
ਪੰਜਾਬ ਮੰਡੀ ਬੋਰਡ ਤੇ ਚੇਅਰਮੈਨ ਤੇ ਹਲਕਾ ਸਮਾਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਿੰਦਰ ਸਿੰਘ ਦੇ ਪਿਤਾ ਲਾਲ ਸਿੰਘ ਨੇ ਆਪਣੇ ਸਾਬਕਾ ਸਿਆਸੀ ਸਕੱਤਰ ਹੁਣ ਪੀਐੱਲਸੀ ਦੀ ਟਿਕਟ ’ਤੇ ਸਮਾਣਾ ਤੋਂ ਚੋਣ ਲੜ ਰਹੇ ਸੁਰਿੰਦਰ ਸਿੰਘ ਖੇੜਕੀ ਨੂੰ ਸੱਟੇ ਦਾ ਸੌਦਾਗਰ ਤੇ ਸ਼ਰਾਬ ਮਾਫ਼ੀਆ ਹੀ ਨਹੀਂ ਸਗੋਂ ਪਿੱਠ ਚ ਛੂਰਾ ਮਾਰਨ ਵਾਲਾ ਵਿਅਕਤੀ ਕਰਾਰ ਦਿੰਦਿਆਂ ਹਲਕੇ ਦੇ ਲੋਕਾਂ ਨੂੰ ਉਸ ਤੋਂ ਸੁਚੇਤ ਰਹਿਣ ਲਈ ਕਿਹਾ। ਲਾਲ ਸਿੰਘ ਨੇ ਸਮਾਣਾ ਵਿੱਚ ਆਪਣੇ ਪੁੱਤਰ ਰਜਿੰਦਰ ਸਿੰਘ ਦੇ ਚੋਣ ਪ੍ਰਚਾਰ ਤੋਂ ਬਾਅਦ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੇ ਪਿਛਲੇ 45 ਸਾਲ ਸਾਫ਼ ਸੁਥਰੀ ਰਾਜਨੀਤੀ ਕੀਤੀ ਹੈ ਤੇ ਕਦੇ ਕਿਸੇ ਵਿਅਕਤੀ ਤੋਂ ਪੰਜੀ ਤੱਕ ਨਹੀਂ ਲਈ। ਜਿਸ ਕਾਰਨ ਹਲਕੇ ਦੇ ਲੋਕਾਂ ਨੇ ਇੰਨਾ ਲੰਮਾਂ ਸਮਾਂ ਉਨ੍ਹਾਂ ਨੂੰ ਪਲਕਾਂ ’ਤੇ ਬਿਠਾ ਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਖੇੜਕੀ ਨੂੰ ਉਨ੍ਹਾਂ ਆਪਣਾ ਸਿਆਸੀ ਸਲਾਹਕਾਰ ਬਣਾਇਆ ਤੇ ਬਣਦਾ ਮਾਨ ਸਨਮਾਨ ਹੀ ਨਹੀਂ ਦਿੱਤਾ ਬਲਕਿ ਅਨ੍ਹਾ ਭਰੋਸਾ ਕਰਦਿਆਂ ਕਈ ਅਧਿਕਾਰ ਦਿੱਤੇ ਪਰ ਇਹ ਵਿਅਕਤੀ ਲੰਮਾਂ ਸਮਾਂ ਉਨ੍ਹਾਂ ਨੂੰ ਹੀ ਘੁਣ ਵਾਂਗ ਖਾਂਦਾ ਰਿਹਾ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਨਾ ਕੇਵਲ ਸੱਟੇ ਦਾ ਸੌਦਾਗਰ ਤੇ ਸ਼ਰਾਬ ਮਾਫ਼ੀਆ ਹੈ ਬਲਕਿ ਪਿੱਠ ’ਚ ਛੁਰਾ ਮਾਰਨ ਵਾਲਾ ਵਿਅਕਤੀ ਹੈ। ਸ੍ਰੀ ਲਾਲ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲਗਾ ਤਾਂ ਉਨ੍ਹਾਂ ਤੁਰੰਤ ਇਸ ਨੂੰ ਹੱਥ ਜੋੜ ਦਿੱਤੇ। ਲਾਲ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਉਨ੍ਹਾਂ ਇੰਨਾ ਮਾਨ ਸਤਿਕਾਰ ਦਿੱਤਾ ਪਰ ਉਹ ਉਸਦਾ ਨੁਕਸਾਨ ਕਰਦਾ ਰਿਹਾ। ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਅਜਿਹੇ ਵਿਅਕਤੀਆਂ ਤੋਂ ਸੁਚੇਤ ਰਹਿਣ ਲਈ ਕਿਹਾ।
ਇੱਕ ਮੌਕਾ ਹੋਰ ਦਿਓ ਸਭ ਕਮੀਆਂ ਦੂਰ ਕਰ ਦੇਵਾਂਗੇ: ਲਾਲ ਸਿੰਘ
ਸਮਾਣਾ: ਹਲਕੇ ਦੇ ਵਿਕਾਸ ’ਚ ਜੇ ਕੋਈ ਕੰਮੀ ਰਹਿ ਵੀ ਗਈ ਹੈ ਤਾਂ ਇਸ ਵਾਰ ਉਹ ਸਾਰੀਆਂ ਕਮੀਆਂ ਦੂਰ ਕਰ ਦੇਣਗੇ ਤੇ ਅਗਲੀ ਵਾਰ ਤੋਂ ਹਲਕੇ ਦੇ ਕਿਸੇ ਵੀ ਵੋਟਰ ਨੂੰ ਸੋਚਣ ਦੀ ਲੋੜ ਨਹੀਂ ਪੈਣੀ ਕਿ ਵੋਟ ਕਿੱਥੇ ਪਾਈਏ। ਇਹ ਦਾਅਵਾ ਵਿਧਾਨ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਰਾਜਿੰਦਰ ਸਿੰਘ ਦੇ ਹੱਕ ’ਚ ਵਾਰਡ ਨੰ. 8 ’ਚ ਮੇਘਰਾਜ ਜਿੰਦਲ ਦੀ ਅਗਵਾਈ ਹੇਠ ਕਰਾਈ ਚੋਣ ਮੀਟਿੰਗ ’ਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕੀਤਾ। ਲੋਕਾਂ ਦੇ ਵੱਡੇ ਇਕੱਠ ਨੂੰ ਦੇਖ ਕੇ ਦਗਦਗ ਹੋਏ ਲਾਲ ਸਿੰਘ ਨੇ ਕਿਹਾ ਕਿ ਇਸ ਚੋਣ ਮੀਟਿੰਗ ਨੇ ਤਾਂ ਰੈਲੀ ਦਾ ਰੂਪ ਧਾਰ ਲਿਆ ਹੈ ਜਿਸ ਤੋਂ ਉਹ ਪੁਰੀ ਤਰ੍ਹਾਂ ਆਸ਼ਵੰਦ ਹਨ ਕਿ ਰਾਜਿੰਦਰ ਸਿੰਘ ਸਮਾਣਾ ਤੋਂ ਵੱਡੀ ਲੀਡ ਲੈ ਕੇ ਜਿੱਤੇਗਾ। ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਨੇ ਸਮਾਣਾ ਹਲਕੇ ਦੇ ਵਿਕਾਸ ਲਈ ਕਾਫ਼ੀ ਮਿਹਨਤ ਕੀਤੀ ਹੈ ਪਰ ਹੋ ਸਕਦਾ ਹੈ ਕਿ ਵਿਕਾਸ ਵਿਚ ਕੁਝ ਕਮੀਆਂ ਰਹਿ ਗਈਆਂ ਹੋਣ ਜਿਨ੍ਹਾਂ ਨੂੰ ਇਸ ਵਾਰ ਵਿਧਾਇਕ ਬਣ ਕੇ ਪੁਰਾ ਹੀ ਨਹੀਂ ਕੀਤਾ ਜਾਵੇਗਾ ਬਲਕਿ ਅਜਿਹੇ ਕੰਮ ਕੀਤੇ ਜਾਣਗੇ ਕਿ ਅੱਗੇ ਤੋਂ ਹਲਕੇ ਦੇ ਲੋਕਾਂ ਨੂੰ ਇਹ ਸੋਚਣ ਦੀ ਵੀ ਲੋੜ ਨਹੀਂ ਪੈਣੀ ਕਿ ਵੋਟ ਕਿਸ ਨੂੰ ਪਾਉਣੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਨੌਰ ਹਲਕੇ ’ਚ ਇੰਨਾ ਕੰਮ ਕੀਤਾ ਹੈ ਕਿ ਪਿਛਲੇ 45 ਸਾਲਾਂ ਤੋਂ ਉੱਥੇ ਦੇ ਲੋਕਾਂ ਨੇ ਉਸਨੂੰ ਹਮੇਸ਼ਾ ਪਲਕਾਂ ’ਤੇ ਬਿਠਾਇਆ ਹੈ। ਉਨ੍ਹਾਂ ਕਿਹਾ ਕਿ ਸਮਾਣਾ ਦੇ ਲੋਕਾਂ ਨੇ ਪਿਛਲੀ ਵਾਰ ਉਸਦੇ ਬੇਟੇ ਰਾਜਿੰਦਰ ਸਿੰਘ ਨੂੰ ਮੌਕਾ ਦਿੱਤਾ ਸੀ ਇਸ ਵਾਰ ਉਹ ਤੁਹਾਡੇ ਪਾਸੋਂ ਇੱਕ ਮੌਕਾ ਹੋਰ ਮੰਗਦੇ ਹਨ।