ਪੱਤਰ ਪ੍ਰੇਰਕ
ਰਾਜਪੁਰਾ, 3 ਅਕਤੂਬਰ
ਇੱਥੋਂ ਦੇ ਪਿੰਡ ਆਕੜੀ, ਸੇਹਰਾ, ਸੇਹਰੀ, ਤਖਤੂਮਾਜਰਾ ਅਤੇ ਪੱਬਰਾ ਦੀ ਆਈ.ਟੀ. ਪਾਰਕ ਲਈ ਪੰਜਾਬ ਸਰਕਾਰ ਵੱਲੋਂ 1100 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਸਮੇਂ ਵੱਡਾ ਘਪਲਾ ਹੋਇਆ ਹੈ। ਜਿਸ ਦੀ ਜਾਂਚ ਲਈ ਉਹ ਆਪ ਪੰਜਾਬ ਦੇ ਵਿਜੀਲੈਂਸ ਕਮਿਸ਼ਨ ਅੱਗੇ ਕੇਸ ਲੈ ਕੇ ਜਾਣਗੇ ਤੇ ਪੀੜਤ ਕਿਸਾਨਾਂ ਨੂੰ ਇਨਸਾਫ ਦਿਵਾਉਂਣਗੇ। ਇਹ ਪ੍ਰਗਟਾਵਾ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਇਕ ਪ੍ਰੈੱਸ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿਚ ਐਕਵਾਇਰ ਕੀਤੀ ਜ਼ਮੀਨ ਵਿੱਚ ਵੱਡੇ ਪੱਧਰ ’ਤੇ ਦਿਨ-ਦਿਹਾੜੇ ਹੋਈ ਲੁੱਟ ਵਿੱਚ ਉਨ੍ਹਾਂ ਵਿਅਕਤੀਆਂ ਨੂੰ ਵੀ ਪੈਸੇ ਦਿੱਤੇ ਗਏ ਜਿਹੜੇ ਜ਼ਮੀਨ ਵਾਹੁੰਦੇ ਵੀ ਨਹੀਂ ਸਨ। ਜ਼ਮੀਨ ਖ਼ਰੀਦਣ ਸਮੇਂ ਸ਼ਮਸ਼ਾਨਾਂ ਦੇ ਰਸਤਿਆਂ, ਸਕੂਲ ਦੇ ਮੈਦਾਨਾਂ ਦੇ ਕਈ ਤਰ੍ਹਾਂ ਦੇ ਖਰਚੇ ਵਿੱਚ ਪਾਉਣ ਵਾਲੇ ਸਰਕਾਰੀ ਧਿਰ ਦੇ ਨੁਮਾਇੰਦੇ, ਅਫਸਰਸ਼ਾਹੀ ਅਤੇ ਕੁਝ ਬੈਂਕ ਅਧਿਕਾਰੀ ਇਸ ਘਪਲੇ ਵਿੱਚ ਸ਼ਾਮਲ ਹੋ ਸਕਦੇ ਹਨ। ਜਿਹੜੇ ਪੰਚ-ਸਰਪੰਚ, ਅਧਿਕਾਰੀ ਅਤੇ ਰਾਜਨੀਤਕ ਲੋਕ ਇਸ ਘਪਲੇ ਵਿਚ ਸ਼ਾਮਲ ਹਨ, ਸਭ ਨੂੰ ਜਨਤਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸਾਰਾ ਰਿਕਾਰਡ ਲੈ ਕੇ ਵਿਜੀਲੈਂਸ ਕਮਿਸ਼ਨ ਕੋਲ ਉਹ ਆਪ ਜਾਣਗੇ ਅਤੇ ਲੋਕਾਂ ਨੂੰ ਇਨਸਾਫ ਦਿਵਾਉਣਗੇ। ਇਸ ਮੌਕੇ ਅਬਰਿੰਦਰ ਸਿੰਘ ਕੰਗ, ਜਥੇਦਾਰ ਲਾਲ ਸਿੰਘ ਮਰਦਾਂਪੁਰ, ਭੂਪਿੰਦਰ ਸਿੰਘ ਸ਼ੇਖੂਪੁਰ, ਹਰਚੰਦ ਸਿੰਘ ਤਖ਼ਤੂਮਾਜਰਾ, ਨਰਿੰਦਰ ਸਿੰਘ ਤਖ਼ਤੂਮਾਜਰਾ, ਅਵਤਾਰ ਸਿੰਘ ਪਬਰਾ, ਪਵਨ ਕੁਮਾਰ ਪਬਰਾ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਮਾਸਟਰ ਦਵਿੰਦਰ ਸਿੰਘ ਸਮੇਤ ਹੋਰ ਸਬੰਧਤ ਪਿੰਡਾਂ ਦੇ ਕਿਸਾਨ ਹਾਜ਼ਰ ਸਨ।