ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਨਵੰਬਰ
ਪਿੰਡ ਮੌਲਵੀਵਾਲਾ ਵਿੱਚ ਇੱਕ ਵਿਧਵਾ ਔਰਤ ਦੀ ਜ਼ਮੀਨ ਨੂੰ ਲੈ ਕੇ ਚੱਲਦੇ ਵਿਵਾਦ ’ਤੇ ਪੁਲੀਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਪਾਤੜਾਂ ਥਾਣੇ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਮਗਰੋਂ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉਤੇ ਜਾਮ ਲਗਾਇਆ ਗਿਆ। ਇਸ ਦੌਰਾਨ ਇਕੱਤਰ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਜ਼ਮੀਨ ਉੱਤੇ ਕਬਜ਼ਾ ਕਰਨ ਦੇ ਦੋਸ਼ ਲਗਾਉਂਦਿਆਂ ਪੁਲੀਸ ਕਾਰਵਾਈ ਦੀ ਮੰਗ ਕੀਤੀ ਹੈ। ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰਨ ਮਗਰੋਂ ਹਰਕਤ ਵਿੱਚ ਆਉਣ ’ਤੇ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਦੋਹਾਂ ਧਿਰਾਂ ਵਿਚਕਾਰ ਸਮਝੌਤੇ ਮਗਰੋਂ ਕਿਸਾਨਾਂ ਵੱਲੋਂ ਜਾਮ ਖੋਲ੍ਹ ਦਿੱਤਾ ਗਿਆ। ਜਥੇਬੰਦੀ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਦੱਸਿਆ ਕਿ ਪਿੰਡ ਮੌਲਵੀਵਾਲਾ ਦੀ ਵਸਨੀਕ ਵਿਧਵਾ ਔਰਤ ਕਸ਼ਮੀਰ ਕੌਰ ਵੱਲੋਂ ਆਪਣੀ ਜ਼ਮੀਨ ਸੁਖਵਿੰਦਰ ਸਿੰਘ ਨੂੰ ਪਹਿਲਾਂ ਠੇਕੇ ’ਤੇ ਦਿੱਤੀ ਹੋਈ ਸੀ ਤੇ ਬਾਅਦ ਵਿੱਚ ਵੇਚ ਦਿੱਤੀ ਸੀ ਪਰ ਉਸਦੇ ਜੇਠ ਦਾ ਲੜਕਾ ਬਲਵੰਤ ਸਿੰਘ ਜ਼ਮੀਨ ਉੱਤੇ ਅੱਖ ਟਿਕਾਈ ਬੈਠਾ ਸੀ ਤੇ ਜ਼ਮੀਨ ’ਚੋਂ ਫ਼ਸਲ ਦੀ ਕਟਾਈ ਬਲਵੰਤ ਸਿੰਘ ਨੇ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਖ਼ਿਲਾਫ਼ ਜਥੇਬੰਦੀ ਵੱਲੋਂ ਰੋਸ ਧਰਨਾ ਦਿੱਤਾ ਗਿਆ ਹੈ। ਜ਼ਮੀਨ ਦੀ ਮਾਲਕ ਕਸ਼ਮੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਜ਼ਮੀਨ ਪਾਤੜਾਂ ਵਾਸੀ ਯਾਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਸੁਰਿੰਦਰ ਕੌਰ, ਕੋਮਲਪ੍ਰੀਤ ਕੌਰ ਅਤੇ ਸੁਖਮਣਪ੍ਰੀਤ ਕੌਰ ਨੂੰ ਵੇਚੀ ਹੈ ਤੇ ਕੀਤੇ ਸਮਝੌਤੇ ਅਨੁਸਾਰ ਇਨ੍ਹਾਂ ਨੂੰ ਹੀ ਜ਼ਮੀਨ ਦਾ ਕਬਜਾ ਦਿੱਤਾ ਜਾਵੇਗਾ। ਜੇਕਰ ਉਕਤ ਕਿਸਾਨ ਯੂਨੀਅਨ ਉਸ ਦਾ ਸਾਥ ਨਾ ਦਿੰਦੀ ਤਾਂ ਉਸ ਦੀ ਸੁਣਵਾਈ ਨਹੀਂ ਹੋਣੀ ਸੀ।
ਦੂਜੀ ਧਿਰ ਦੇ ਬਲਵੰਤ ਸਿੰਘ ਨੇ ਦੱਸਿਆ ਕਿ ਉਸਦੀ ਚਾਚੀ ਕਸ਼ਮੀਰ ਕੌਰ ਸਮੇਂ ਸਮੇਂ ਉੱਤੇ ਉਸ ਕੋਲੋਂ ਪੈਸੇ ਲੈਂਦੀ ਰਹੀ ਹੈ, ਜਿਸ ਦੇ ਬਦਲੇ ਵਿੱਚ ਉਸ ਸਮੇਤ ਸੁਰੇਸ਼ਪਾਲ ਸਿੰਘ ਨਾਲ ਜ਼ਮੀਨ ਦਾ ਬਿਆਨਾ ਕੀਤਾ ਹੋਇਆ ਸੀ ਪਰ ਹੁਣ ਧੋਖੇ ਨਾਲ ਜ਼ਮੀਨ ਅੱਗੇ ਵੇਚ ਦਿੱਤੀ ਹੈ, ਜਿਸ ਨੂੰ ਲੈ ਕੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ।