ਬੀਰਬਲ ਰਿਸ਼ੀ
ਸ਼ੇਰਪੁਰ, 28 ਜੂਨ
ਲੋਕ ਸੰਘਰਸ਼ ਕਮੇਟੀ ਨੇ ਅੱਜ ਘਨੌਰ ਕਲਾਂ ਵਿੱਚ ਕਿਸਾਨ ਇਕੱਤਰਤਾ ਕਰਕੇ ਕੋਆਪਰੇਟਿਵ ਬੈਂਕਾਂ ਦੀਆਂ ਕਥਿਤ ਆਪਹੁਦਰੀਆਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਕੋਆਪਰੇਟਿਵ ਸੁਸਾਇਟੀ ਘਨੌਰ ਕਲਾਂ ਵਿੱਚ ਸੁਸਾਇਟੀ ਪ੍ਰਧਾਨ ਜਗਤਾਰ ਸਿੰਘ ਤੇ ਕਿਸਾਨ ਆਗੂ ਜਸਵਿੰਦਰ ਘਨੌਰ ਦੀ ਸਾਂਝੀ ਅਗਵਾਈ ਹੇਠ ਕੀਤੀ ਭਰਵੀਂ ਕਿਸਾਨ ਇਕੱਤਰਤਾ ਦੌਰਾਨ ਲੋਕ ਸੰਘਰਸ਼ ਕਮੇਟੀ ਦੇ ਆਗੂਆਂ ਕੋਲ ਦੁੱਖੜੇ ਰੋਏ। ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਦਾਅਵਾ ਕੀਤਾ ਕਿ ਸੁਸਾਇਟੀਆਂ ਨੂੰ ਕਿਸਾਨ ਹੱਦ ਕਰਜ਼ੇ ਲਈ ਪ੍ਰਤੀ ਸੁਸਾਇਟੀ ਕਰੌੜਾ ਰੁਪਏ ਦੀ ਲਿਮਟ ਬਣਦੀ ਹੈ ਪਰ ਕਥਿਤ ਮੂੰਹ ਜ਼ੁਬਾਨੀ ਆਏ ਹੁਕਮਾਂ ’ਚ ਕਿਹਾ ਜਾਂਦਾ ਹੈ ਕਿ ਜਿੰਨੇ ਪੈਸੇ ਹੱਦ ਕਰਜ਼ਾ ਪ੍ਰਤੀ ਕਿਸਾਨ ਪਿਛਲੇ ਵਰ੍ਹੇ ਦਿੱਤਾ ਗਿਆ ਹੈ ਉਸਤੋਂ ਵਧਣਾ ਨਹੀਂ ਚਹੀਦਾ ਜਿਸ ਕਾਰਨ ਸੁਸਾਇਟੀ ਦੇ ਨਿਰਧਾਰਤ ਲਿਮਟ ਤੋਂ ਕਾਫ਼ੀ ਘੱਟ ਪੈਸੇ ਵਰਤੋਂ ਵਿੱਚ ਲਿਆਂਦੇ ਜਾਂਦੇ ਹਨ। ਉਹੀ ਪੈਸਾ ਮੋਟਰਸਾਈਕਲ ਜਾਂ ਹੋਰ ਵਹੀਕਲਾਂ ਲਈ ਲੋਨ ਵਾਸਤੇ ਹੋਰ ਵਸਤਾਂ ਦੇ ਮੁਕਾਬਲਤਨ ਜ਼ਿਆਦਾ ਵਿਆਜ਼ ’ਤੇ ਦੇਣ ’ਚ ਕੋਈ ਦੇਰੀ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਉਹ ਪੂਰੇ ਵੇਰਵੇ ਇਕੱਤਰ ਕਰ ਰਹੇ ਹਨ ਜਿਸ ਵਿੱਚ ਕਿਹੜੀ ਸੁਸਾਇਟੀ ਦੀ ਲਿਮਟ ਕਿੰਨੇ ਕਰੌੜ ਦੀ ਹੈ? ਉਸਨੇ ਕਿਸਾਨਾਂ ਨੂੰ ਕਿਹੜੇ ਵਰ੍ਹੇ ਕਿੰਨੇ ਰੁਪਏ ਵਰਤਣ ਲਈ ਦਿੱਤੇ, ਕਿੰਨੇ ਕਿਸਾਨ ਸੁਸਾਇਟੀਆਂ ਦੇ ਮੈਂਬਰ ਬਣਨ ਲਈ ਗੇੜੇ ਕੱਢ ਰਹੇ ਹਨ, ਕਿੰਨੇ ਕਿਸਾਨਾਂ ਦੇ ਬੈਂਕਾਂ ’ਚ ਖਾਤੇ ਨਹੀਂ ਖੁੱਲ੍ਹੇ, ਕਿੰਨੇ ਕਿਸਾਨਾਂ ਨੂੰ ਚੈਕ ਬੁੱਕਸ ਨਹੀਂ ਦਿੱਤੀਆਂ ਜਾ ਰਹੀਆਂ ਤੇ ਕਿੰਨੇ ਕਿਸਾਨ ਆਪਣੇ ਪੁਰਖਿਆਂ ਤੋਂ ਸੁਸਾਇਟੀਆਂ ਦੇ ਮੈਂਬਰ ਹੋਣ ਦੇ ਬਾਵਜੂਦ ਹੱਦ ਕਰਜ਼ੇ ਤੋਂ ਵਾਂਝੇ ਹਨ। ਸ੍ਰੀ ਅਲਾਲ ਨੇ ਕਿਹਾ ਕਿ ਉਨ੍ਹਾਂ ਅੱਜ ਸੰਤ ਬਾਬਾ ਭਾਗ ਸਿੰਘ ਦੀ ਧਰਤੀ ਤੋਂ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਜਿਸ ਤਹਿਤ 30 ਜੂਨ ਤੱਕ ਇਲਾਕੇ ਦੀਆਂ ਕਈ ਸੁਸਾਇਟੀਆਂ ਤੱਕ ਪਹੁੰਚ ਕਰਕੇ ਕਿਸਾਨ ਸਮੱਸਿਆਵਾਂ ਦੇ ਵੇਰਵੇ ਇਕੱਤਰ ਕੀਤੇ ਜਾਣਗੇ, ਸਾਰੇ ਕਿਸਾਨਾਂ ਦੇ ਮਸਲੇ ਹੱਲ ਕਰਵਾਏ ਜਾਣ ਤੇ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਤੱਕ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ।
ਉਧਰ ਕੋਆਪਰੇਟਿਵ ਬੈਂਕਾ ਦੇ ਡੀਐੱਮ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਚ ਅਧਿਕਾਰੀਆਂ ਵੱਲੋਂ ਬੈਂਕਾਂ ਨੂੰ ਕੋਈ ਲਿਖਤੀ ਜਾਂ ਜ਼ੂਬਾਨੀ ਹੁਕਮ ਨਹੀਂ ਦਿੱਤੇ ਜਿਸ ਨਾਲ ਕਿਸਾਨਾਂ ਨੂੰ ਲੋੜੀਂਦੀਆਂ ਸਰਕਾਰੀ ਸਹੂਲਤਾਂ ਮਿਲਣ ਵਿੱਚ ਕੋਈ ਦਿੱਕਤ ਪੇਸ਼ ਆਵੇ। ਉਂਜ ਸੂਤਰਾਂ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਕੋਆਪਰੇਟਿਵ ਬੈਂਕਾਂ ਦੇ ਉਠ ਰਹੇ ਵਿਵਾਦ ਸਬੰਧੀ ਬ੍ਰਾਂਚ ਮੈਨੇਜਰਾਂ ਤੇ ਕੁਝ ਬੈਂਕ ਦੇ ਉਚ ਅਧਿਕਾਰੀਆਂ ਨਾਲ ਸੰਗਰੂਰ ’ਚ ਮੀਟਿੰਗ ਕੀਤੀ ਸੀ ਤੇ ਇਸ ਵਿਵਾਦ ਨੂੰ ਪਹਿਲੇ ਪੜਾਅ ’ਤੇ ਹੀ ਖ਼ਤਮ ਕਰਨ ਲਈ ਨਿਰਦੇਸ਼ ਕੀਤੇ ਸਨ।