ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਅਕਤੂਬਰ
ਇੱਥੋਂ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਪ੍ਰਬੰਧਕ ਮਨਾਉਣ ਵਿੱਚ ਕਾਮਯਾਬ ਰਹੇ। ਅੱਜ ਸਾਰਾ ਦਿਨ ਚੱਲੀਆਂ ਮੀਟਿੰਗਾਂ ’ਚ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ, ਜਿਨ੍ਹਾਂ ਵਿਚ ਯੂਨੀਵਰਸਿਟੀ ’ਚ ਵਿਦਿਆਰਥੀ ਯੂਨੀਅਨ ਬਣਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਵਿਦਿਆਰਥੀ ਆਨਲਾਈਨ ਕਲਾਸਾਂ ਲਾਉਣ ਲਈ ਰਾਜ਼ੀ ਹੋ ਗਏ ਹਨ, ਜਦੋਂਕਿ ਆਫ਼ਲਾਈਨ ਕਲਾਸਾਂ ਲਾਉਣ ਲਈ ਹੋਰ ਸਮਾਂ ਲੱਗੇਗਾ। ਇਸ ਦੌਰਾਨ ਵਿਦਿਆਰਥੀਆਂ ਨੇ ਰਹਿੰਦੀਆਂ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਵਿਦਿਆਰਥੀ ਆਗੂਆਂ ਨੇ ਡੀਨ ਅਕਾਦਮਿਕ ਮਾਮਲੇ ਡਾ. ਵੀਕੇ ਵਤਸ ਤੇ ਰਜਿਸਟਰਾਰ ਡਾ. ਆਨੰਦ ਪਵਾਰ ਸਮੇਤ ਪ੍ਰਬੰਧਕਾਂ ਨਾਲ ਮੀਟਿੰਗਾਂ ਕੀਤੀਆਂ। ਸਾਰਾ ਦਿਨ ਮੀਟਿੰਗਾਂ ’ਚ ਇਹ ਸਹਿਮਤੀ ਬਣੀ ਕਿ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੀ ਮਾਨਤਾ ਪ੍ਰਾਪਤ ਜਥੇਬੰਦੀ ਹੋਵੇਗੀ, ਜਿਸ ਜਥੇਬੰਦੀ ਨਾਲ ਪ੍ਰਬੰਧਕ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਪ੍ਰਤੀ ਗੱਲ ਕਰਨਗੇ ਤੇ ਕੋਈ ਵੀ ਮਸਲਾ ਵਿਗੜਨ ਤੋਂ ਪਹਿਲਾਂ ਹੀ ਉਸ ਦਾ ਹੱਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ’ਤੇ ਸਹਿਮਤੀ ਬਣ ਗਈ। ਭਾਵੇਂ ਮੀਟਿੰਗ ਵਿਚ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਨਹੀਂ ਆਏ ਪਰ ਪ੍ਰਬੰਧਕਾਂ ਨੇ ਮੀਟਿੰਗਾਂ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਕੀਤੀਆਂ ਤੇ ਉਹ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਲਈ ਮਨਾਉਣ ਵਿਚ ਕਾਮਯਾਬ ਹੋ ਗਏ। ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀਆਂ ਕਈ ਮੰਗਾਂ ਮੰਨ ਕੇ ਲਗਪਗ ਸੰਘਰਸ਼ ਨੂੰ ਅੱਧਾ ਖਤਮ ਕਰ ਦਿੱਤਾ ਹੈ। ਦੂਜੇ ਪਾਸੇ ਸੰਘਰਸ਼ ਦੇ 18ਵੇਂ ਦਿਨ ਵਿਦਿਆਰਥੀਆਂ ਨੇ ਅੱਜ ਕਲਾਸਾਂ ਬਾਹਰ ਵਾਈਸ ਚਾਂਸਲਰ ਵਿਰੁੱਧ ਰੋਸ ਮਾਰਚ ਕੀਤੇ ਅਤੇ ਕਿਹਾ ਜਦੋਂ ਤੱਕ ਰਹਿੰਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੌਰਾਨ ਵਿਦਿਆਰਥੀਆਂ ਨੇ ਵੀਸੀ ਦੇ ਨਾਮ ਵਾਲੀ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ ‘‘ਇਹ ਇਹ ਸਾਡਾ ਵੀਸੀ ਨਹੀਂ ਹੈ’’।