ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 8 ਨਵੰਬਰ
ਇਥੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦਰਗੰਜ ਦੇ ਨੇੜਲੇ ਦੀ ਮੁਹੱਲਾ ਵਸੀਆਂ ਨੇ ਸ਼ਹਿਤੂਤ ਦੇ ਦਰੱਖ਼ਤਾਂ ਦੀ ਛੰਗਾਈ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਲ ਲਿਖਤੀ ਅਪੀਲ ਕੀਤੀ ਹੈ। ਹੈੱਡ ਟੀਚਰ ਦੀ ਜਿੱਦ ਕਾਰਨ ਸਕੂਲ ਦੀ ਦੀਵਾਰ ਦੇ ਨਾਲ ਲੱਗਦੇ ਘਰਾਂ ਦੇ ਵਸਨੀਕ ਨਿੱਘੀ ਧੁੱਪ ਦਾ ਸੇਕ ਮਾਣਨ ਲਈ ਤਰਸ ਰਹੇ ਹਨ। ਮੁੱਖ ਅਧਿਆਪਕਾਂ ਨੇ ਦੀਵਾਰ ਦੇ ਨਾਲ ਲਗਦੇ ਦਰੱਖ਼ਤਾਂ ਦੀ ਛੰਗਾਈ ਕਰਨ ਜਾਂ ਕਰਵਾਉਣ ਤੋਂ ਸਖ਼ਤੀ ਨਾਲ ਮਨ੍ਹਾਂ ਕਰ ਦਿੱਤਾ ਹੈ। ਮੁਹੱਲਾ ਵਾਸੀਆਂ ਨੇ ਲਿਖਿਆ ਕਿ ਉਨ੍ਹਾਂ ਦੇ ਤਿੰਨ ਚਾਰ ਘਰ ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦਰਗੰਜ ਦੀ ਦੀਵਾਰ ਦੇ ਨਾਲ ਅੰਦਰਲੇ ਪਾਸੇ ਸ਼ਹਿਤੂਤ ਦੇ ਵੱਡੇ ਵੱਡੇ ਦਰੱਖ਼ਤ ਖੜੇ ਹਨ ਜਿਨ੍ਹਾਂ ਨੂੰ ਉਹ ਆਪਣੇ ਖ਼ਰਚੇ ਉਪਰ ਹਰ ਸਾਲ ਛੰਗਵਾ ਦਿੰਦੇ ਸਨ ਪਰ ਇਸ ਵਾਰ ਸਕੂਲ ਦੀ ਇਕ ਅਧਿਆਪਕਾ ਨਿਲਾਕਸ਼ੀ ਉਨ੍ਹਾਂ ਨੂੰ ਇਹ ਦਰੱਖਤ ਛੰਗਵਾਉਣ ਨਹੀਂ ਦੇ ਰਹੇ। ਜਿਸ ਕਾਰਨ ਉਹ ਅਤੇ ਉਨ੍ਹਾਂ ਦੇ ਬੱਚੇ ਧੁੱਪ ਤੋਂ ਵਾਂਝੇ ਹੋ ਰਹੇ ਹਨ। ਇਸ ਸਬੰਧੀ ਮੈਡਮ ਨਿਲਾਕਸ਼ੀ ਨੇ ਕਿਹਾ ਕਿ ਉਹ ਸਕੂਲ ਦੀ ਮਾਲਕ ਹਨ, ਦਰੱਖਤ ਛਾਂਗਣੇ ਹਨ ਜਾਂ ਨਹੀਂ ਉਹ ਉਨ੍ਹਾਂ ਦੀ ਆਪਣੀ ਮਰਜ਼ੀ ’ਤੇ ਨਿਰਭਰ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਕੇ ਸਮੱਸਿਆ ਦਾ ਜਲਦੀ ਹੱਲ ਕਰਨਗੇ।