ਪੱਤਰ ਪ੍ਰੇਰਕ
ਘਨੌਰ, 26 ਜੁਲਾਈ
ਇਸ ਖੇਤਰ ਵਿੱਚੋਂ ਗੁਜਰਦੇ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਸ਼ੰਭੂ-ਘਨੌਰ ਰੋਡ ਵਾਲੇ ਰੇਲਵੇ ਫਾਟਕ ਉਪਰੋਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਰੇਲਵੇ ਵਿਭਾਗ ਦੀ ਭਾਈਵਾਲੀ ਨਾਲ ਕਰੀਬ 17 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਫਲਾਈਓਵਰ ’ਤੇ ਦੋ ਦੋ ਫੁੱਟ ਉੱਚਾ ਉੱਗਿਆ ਘਾਹ ਅਤੇ ਇਸ ਦੇ ਉਦਘਾਟਨ ਤੋਂ 10 ਸਾਲ ਬਾਅਦ ਵੀ ਇਸ ਉਪਰ ਲੱਖਾਂ ਰੁਪਏ ਦੇ ਖਰਚੇ ਨਾਲ ਲਗਾਈਆਂ 56 ਸੋਡੀਅਮ ਲਾਈਟਾਂ ਦਾ ਨਾ ਜਗਣਾ ਸਾਬਤ ਕਰਦਾ ਹੈ ਕਿ ਲੋਕ ਨਿਰਮਾਣ ਵਿਭਾਗ ਨੇ ਉਸਾਰੀ ਤੋਂ ਬਾਅਦ ਇਸ ਫਲਾਈਓਵਰ ਨੂੰ ਵਿਸਾਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੌਮੀ ਸ਼ਾਹ ਮਾਰਗ ਦਿੱਲੀ-ਅੰਮ੍ਰਿਤਸਰ ’ਤੇ ਪੈਂਦੇ ਸ਼ੰਭੂ ਦੇ ਘਨੌਰ ਚੌਕ ਤੋਂ ਪਟਿਆਲਾ ਵਾਇਆ ਘਨੌਰ-ਬਹਾਦਰਗੜ੍ਹ ਵਾਲੀ ਹਲਕਾ ਘਨੌਰ ਦੀ ਪ੍ਰਮੁੱਖ ਸੜਕ ’ਤੇ ਵਾਹਨਾਂ ਦੀ ਬਹੁਤਾਤ ਦੇ ਮੱਦੇਨਜਰ ਲੋਕ ਨਿਰਮਾਣ ਵਿਭਾਗ ਵੱਲੋਂ ਸ਼ੰਭੂ ਰੇਲਵੇ ਫਾਟਕ ਉਪਰੋਂ 800 ਮੀਟਰ ਲੰਮੇ ਇਸ ਫਲਾਈਓਵਰ ਦੀ ਉਸਾਰੀ ਕਰਵਾਈ ਗਈ ਸੀ। ਜਿਸ ਦਾ ਉਦਘਾਟਨ ਰਾਜ ਦੇ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 6 ਅਗਸਤ 2012 ਨੂੰ ਕੀਤਾ ਗਿਆ ਸੀ। 10 ਸਾਲ ਤੋਂ ਇਸ ਫਲਾਈਓਵਰ ’ਤੇ ਬਿਜਲੀ ਕੁਨੈਕਸ਼ਨ ਨਾ ਹੋਣ ਕਾਰਨ ਲੱਗੀਆਂ ਸੋਡੀਅਮ ਦੀਆਂ ਲਾਈਟਾਂ ਨਹੀਂ ਜਗ ਸਕੀਆਂ ਅਤੇ ਰਾਹਗੀਰ ਰਾਤ ਦੇ ਹਨ੍ਹੇਰੇ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਫਲਾਈਓਵਰ ਤੋਂ ਲੰਘ ਰਹੇ ਹਨ। ਪਿਛਲੇ ਲੰਮੇ ਅਰਸੇ ਤੋਂ ਵਿਭਾਗ ਵੱਲੋਂ ਇਸ ਫਲਾਈਓਵਰ ਦੀ ਸਾਂਭ ਸੰਭਾਲ ਨੂੰ ਉੱਕਾ ਹੀ ਵਿਸਾਰ ਦਿੱਤਾ ਗਿਆ ਹੈ। ਇਸ ਦੀ ਸੁਰੱਖਿਆ ਕੰਧਾਂ ਦੇ ਨੇੜੇ ਇਕੱਠੀ ਹੋਈ ਮਿੱਟੀ ’ਤੇ ਦੋ ਦੋ ਫੁੱਟ ਉੱਚਾ ਘਾਹ ਉੱਗ ਆਇਆ ਹੈ। ਜਿਸ ਤੋਂ ਲੋਕ ਨਿਰਮਾਣ ਵਿਭਾਗ ਬੇਖਬਰ ਜਾਪ ਰਿਹਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਇਸ ਫਲਾਈਓਵਰ ਦੀ ਸਾਂਭ ਸੰਭਾਲ ਕਰਕੇ ਇਸ ’ਤੇ ਉੱਗਿਆ ਘਾਹ ਸਾਫ ਕੀਤਾ ਜਾਵੇ ਅਤੇ ਸੋਡੀਅਮ ਲਾਈਟਾਂ ਨੂੰ ਜਗਦਾ ਕੀਤਾ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਵਿਭਾਗ ਦੇ ਇਲੈਕਟ੍ਰੀਕਲ ਵਿੰਗ ਨੂੰ ਸੋਡੀਅਮ ਲਾਈਟਾਂ ਨੂੰ ਬਿਜਲੀ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਫਾਲਈਓਵਰ ’ਤੇ ਉੱਗਿਆ ਘਾਹ ਜਲਦੀ ਸਾਫ ਕਰਵਾ ਦਿੱਤਾ ਜਾਵੇਗਾ।