ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਜੁਲਾਈ
ਵਿਧਾਨ ਸਭਾ ਹਲਕਾ ਪਟਿਆਲਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਲਗਾਤਾਰ ਘਟੀਆ ਮੈਟੀਰੀਅਲ ਵਰਤਿਆ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਹੈ ਕਿ ਸਥਾਨਕ ਸਨੌਰੀ ਅੱਡੇ, ਮੰਦਰ ਸ੍ਰੀ ਭੂਤਨਾਥ ਜੀ ਦੇ ਬਾਹਰ ਛੋਟੀ ਨਦੀ ਉੱਪਰ ਫਰਵਰੀ ਮਹੀਨੇ ਵਿੱਚ ਢਾਈ ਕਰੋੜ ਦੀ ਲਾਗਤ ਨਾਲ ਨਵੇਂ ਬਣਾਏ ਗਏ ਪੁਲ ਦੇ ਚਾਰੋ ਪਾਸੇ ਤੋਂ ਇਕ ਦੋ ਬਰਸਾਤਾਂ ਤੋਂ ਬਾਅਦ ਹੀ ਮਿੱਟੀ ਧਸ ਗਈ ਅਤੇ ਕਈ ਫੁੱਟ ਲੰਬੀਆਂ ਦਰਾਰਾਂ ਪੈ ਗਈਆਂ।
ਇਸ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਇੰਚਾਰਜ ਕੁੰਦਨ ਗੋਗੀਆ, ਸਹਿ ਸੰਗਠਨ ਇੰਚਾਰਜ ਗਗਨ ਚੱਢਾ ਆਦਿ ਨੇ ਨਿਖੇਧੀ ਕੀਤੀ ਹੈ ਜਿਸ ਸਬੰਧੀ ਮੀਡੀਆ ਇੰਚਾਰਜ ਸੰਦੀਪ ਬੰਧੂ ਨੇ ਕਿਹਾ ਕਿ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਸਥਾਨਕ ਸਨੌਰੀ ਅੱਡੇ ਦੇ ਕੋਲ, ਛੋਟੀ ਨਦੀ ਉੱਪਰ ਫਰਵਰੀ ਮਹੀਨੇ ਵਿੱਚ ਨਵੇਂ ਬਣੇ ਪੁਲ ਦੇ ਚਾਰੋ ਪਾਸੇ ਤੋਂ ਇਕ ਦੋ ਬਰਸਾਤਾਂ ਤੋਂ ਬਾਅਦ ਹੀ ਮਿੱਟੀ ਧਸ ਗਈ ਹੈ। ਮਿੱਟੀ ਧਸਣ ਦੇ ਨਾਲ ਕਈ ਫੁੱਟ ਲੰਬੀਆਂ ਦਰਾਰਾਂ ਪੈ ਚੁੱਕੀਆਂ ਹਨ। ਆਪ ਯੂਥ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ, ਵਰਿੰਦਰ ਗੌਤਮ ਅਤੇ ਯੂਥ ਆਗੂ ਗੋਲੂ ਰਾਜਪੂਤ ਅਤੇ ਵਿਕਰਮ ਸਿੰਘ ਨੇ ਜਾਣਕਾਰੀ ਮਿਲਦਿਆਂ ਹੀ ਪੁੱਲ ਤੇ ਪਹੁੰਚ ਕੇ ਦੇਖਿਆ ਤਾਂ ਪੁਲ ਦੇ ਚਾਰੋ ਕੋਨਿਆਂ ਤੋਂ ਕਈ ਕਈ ਫੁੱਟ ਤਕ ਮਿੱਟੀ ਧਸ ਚੁੱਕੀ ਸੀ। ਪੁਲ ਦੇ ਚਾਰੋ ਪਾਸੇ ਬੋਰੀਆਂ ਵਿੱਚ ਮਿੱਟੀ ਭਰ ਕੇ ਪਾਉਣ ਤੋਂ ਬਾਅਦ ਉਸ ਮਿੱਟੀ ਉੱਪਰ ਸੀਮਿੰਟ ਦਾ ਲੇਪ ਬਣਾ ਕੇ ਪਲੱਸਤਰ ਕਰ ਦਿੱਤਾ ਗਿਆ ਸੀ। ਥੋੜ੍ਹੀ ਜਿਹੀ ਬਰਸਾਤ ਹੋਣ ਤੋਂ ਮਿੱਟੀ ਬੈਠ ਗਈ ਅਤੇ ਵੱਡੀਆਂ ਵੱਡੀਆਂ ਦਰਾਰਾਂ ਪੈ ਗਈਆਂ। ਟੀਮ ਨੇ ਇਹ ਵੀ ਦੇਖਿਆ ਕਿ ਪਈਆਂ ਹੋਈਆਂ ਦਰਾਰਾਂ ਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਦਰਾਰਾਂ ਵਾਲੀ ਜਗਾ ’ਤੇ ਸੀਮਿੰਟ ਲਗਾਉਣ ਤੋਂ ਬਾਅਦ ਵੀ ਮਿੱਟੀ ਧਸ ਰਹੀ ਹੈ ਅਤੇ ਫੇਰ ਦਰਾਰਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਆਪ ਆਗੂਆਂ ਨੇ ਕਿਹਾ ਕਿ ਜਾਂਚ ਕਰਕੇ ਜੋ ਵੀ ਦੋਸ਼ੀ ਹੋਣ ਉਨ੍ਹਾਂ ’ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਨਹੀਂ ਤਾਂ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕਰੇਗੀ।
ਕੀ ਕਹਿੰਦੇ ਨੇ ਐਕਸੀਅਨ
ਸਨੌਰੀ ਅੱਡੇ ਕੋਲ ਬਣਾਏ ਪੁਲ ਸਬੰਧੀ ਪੀਡਬਲਿਊਡੀ ’ਤੇ ਲਗਾਏ ਦੋਸ਼ਾਂ ਸਬੰਧੀ ਐਕਸੀਅਨ ਨਵੀਨ ਮਿੱਤਲ ਨੇ ਕਿਹਾ ਕਿ ਪੁਲ ਸਾਡਾ ਮਜ਼ਬੂਤ ਹੈ, ਪਰ ਜੋ ਪੁਲ ਦੇ ਕੋਲ ਥੋੜ੍ਹਾ ਸੀਮਿੰਟ ਦਾ ਘੋਲੂਆ ਪਾ ਕੇ ਮਿੱਟੀ ਦੇ ਥੈਲੇ ਲਗਾ ਦਿੱਤੇ ਸਨ ਉੱਥੇ ਪਾਣੀ ਨੇ ਥਾਂ ਬਣਾਈ ਹੈ, ਉਨ੍ਹਾਂ ਕਿਹਾ ਕਿ ਪੁਲ ਨੂੰ ਜੇਕਰ 50 ਸਾਲ ਕੁਝ ਵੀ ਹੋ ਜਾਵੇ ਤਾਂ ਅਸੀਂ ਜ਼ਿੰਮੇਵਾਰ ਹਾਂ।