ਸਮਾਣਾ (ਪੱਤਰ ਪ੍ਰੇਰਕ): ਸੋਮਵਾਰ ਦੁਪਹਿਰ ਸਮੇਂ ਪਿੰਡ ਕਕਰਾਲਾ ਵਿਖੇ ਬੁਜਰਕ ਰੋਡ ’ਤੇ ਸਥਿਤ ਇਕ ਸ਼ੈਲਰ ‘ਚ ਬਾਰਦਾਨੇ ਨੂੰ ਅਚਾਨਕ ਲੱਗੀ ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਸ ਨੂੰ ਲੇਬਰ ਦੀ ਮਦਦ ਨਾਲ ਬੁਝਾਉਣ ਦੀ ਕੋਸ਼ਿਸ਼ ਤੋਂ ਬਾਅਦ ਸੂਚਨਾ ਮਿਲਣ ’ਤੇ ਪਹੁੰਚੇ ਫਾਇਰ ਬ੍ਰਿਗੇਡ ਦਸਤੇ ਨੇ ਕਾਬੂ ਪਾਇਆ। ਸ਼ੈੱਲਰ ਮਾਲਕ ਸਿਕੰਦਰ ਸਿੰਘ ਨਿਵਾਸੀ ਪਿੰਡ ਕਕਰਾਲਾ ਨੇ ਦੱਸਿਆ ਕਿ ਦੁਪਹਿਰ ਸਮੇਂ ਸ਼ੈਲਰ ‘ਚ ਪਰਵਾਸੀ ਲੇਬਰ ਵੱਲੋਂ ਬਾਰਦਾਨੇ ਦੀ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਸੀ, ਕਿ ਅਚਾਨਕ ਅੱਗ ਲੱਗੀ ਦਿਖਾਈ ਦਿੱਤੀ। ਅੱਗ ਲੱਗੀ ਦੇਖ ਕੇ ਬਾਰਦਾਨਾ ਰਿਪੇਅਰ ਕਰ ਰਹੀ ਪਰਵਾਸੀ ਲੇਬਰ ਕੰਮ ਛੱਡ ਕੇ ਉਥੋਂ ਭੱਜ ਗਈ ਜਿਸ ਤੋਂ ਬਾਅਦ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਮਿੱਲ ‘ਚ ਕੰਮ ਕਰ ਰਹੀ ਲੇਬਰ ਤੇ ਲੋਕਾਂ ਨਾਲ ਮਿਲ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਸਮਾਣੇ ਤੋਂ ਪਹੁੰਚੀ ਫਾਇਰ ਬ੍ਰਿਗੇਡ ਦਸਤੇ ਨੇ ਕਾਬੂ ਪਾਇਆ। ਪ੍ਰੰਤੂ ਇਸ ਦੌਰਾਨ ਲੱਖਾਂ ਰੁਪਏ ਕੀਮਤ ਦੀਆਂ ਹਜ਼ਾਰਾਂ ਬੋਰੀਆਂ ਸੜ ਕੇ ਰਾਖ ਹੋ ਗਈਆਂ ਸਨ। ਸ਼ੈੱਲਰ ਮਾਲਕਾਂ ਨੇ ਬਾਰਦਾਨੇ ਦੀ ਰਿਪੇਅਰ ਕਰ ਰਹੇ ਪਰਵਾਸੀ ਮਜ਼ਦੂਰਾਂ ਵੱਲੋਂ ਸਿਗਰਟ ਜਾਂ ਬੀੜੀ ਪੀਣ ਨਾਲ ਅੱਗ ਲੱਗਣ ਦਾ ਸ਼ੱਕ ਜਤਾਇਆ।