ਪੱਤਰ ਪ੍ਰੇਰਕ
ਸਮਾਣਾ, 5 ਅਗਸਤ
ਗਊਆਂ ਵਿੱਚ ਫੈਲ ਰਹੀ ਲੰਪੀ ਸਕਿਨ ਬਿਮਾਰੀ ਨਾਲ ਗਊਆਂ ਬਿਮਾਰ ਹੋ ਰਹੀਆਂ ਹਨ। ਇਹ ਬਿਮਾਰੀ ਸਮਾਣਾ ਸਬ-ਡਿਵੀਜ਼ਨ ਦੇ ਪਿੰਡਾਂ ਵਿਚਲੇ ਪਸ਼ੂਆਂ ਅਤੇ ਗਊਸ਼ਾਲਾਵਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਬਿਮਾਰੀ ਦੀ ਜਾਂਚ ਲਈ ਲੈਬਾਰਟਰੀ ਭੇਜੇ ਨਮੂਨਿਆਂ ਦਾ ਅਜੇ ਤਕ ਨਤੀਜਾ ਨਹੀਂ ਆਇਆ, ਪਰ ਹੋਰ ਇਲਾਕਿਆਂ ਵਿੱਚ ਇਸ ਬਿਮਾਰੀ ਦੇ ਮਾੜੇ ਅਸਰ ਨੇ ਪਸ਼ੂ ਪਾਲਕ ਡਰਾ ਦਿੱਤੇ ਹਨ।
ਇੱਥੇ ਪਸ਼ੂ ਹਸਪਤਾਲ ਵਿੱਚ ਤਾਇਨਾਤ ਡਾ. ਦੀਪ ਇੰਦਰ ਸਿੰਘ ਨੇ ਦੱਸਿਆ ਕਿ ਲੰਪੀ ਸਕਿਨ ਵਾਇਰਲ ਬਿਮਾਰੀ ਹੈ। ਇਸ ਦੀ ਰੋਕਥਾਮ ਲਈ ਪੀੜਤ ਪਸ਼ੂ ਦੇ ਲੱਛਣਾਂ ਦੇ ਆਧਾਰ ’ਤੇ ਦਵਾਈ ਦਿੱਤੀ ਜਾਂਦੀ ਹੈ। ਪਸ਼ੂ ਪਾਲਕਾਂ ਅਤੇ ਪ੍ਰਬੰਧਕਾਂ ਨੂੰ ਬਿਮਾਰੀ ਦੇ ਪਰਹੇਜ਼ ਬਾਰੇ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਮਾਰ ਪਸ਼ੂਆਂ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਮੱਖੀ, ਮੱਛਰ ਤੋਂ ਬਚਾਅ ਲਈ ਸਪਰੇਅ ਕਰਨਾ ਵੀ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਲੰਪੀ ਸਕਿਨ ਨਾਲ ਸਬ-ਡਿਵੀਜ਼ਨ ਦੇ ਹਰ ਪਿੰਡ ਵਿਚ ਪਸ਼ੂ ਬਿਮਾਰ ਪਾਏ ਜਾ ਰਹੇ ਹਨ। ਸਮਾਣਾ ਦੀਆਂ ਵੱਖ-ਵੱਖ ਗਊਸ਼ਾਲਾਵਾਂ ਵਿੱਚ ਕਈ ਦਿਨਾਂ ਤੋਂ ਇਹ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਕਾਰਨ ਸਰਕਾਰੀ ਗਊਸ਼ਾਲਾ ਸਣੇ ਸੌ ਤੋਂ ਵੱਧ ਗਊਆਂ ਇਸ ਬਿਮਾਰੀ ਨਾਲ ਪੀੜਤ ਹਨ।
ਪਸ਼ੂ ਪਾਲਕਾਂ ਨੇ ਸਰਕਾਰ ਤੋਂ ਸਰਕਾਰੀ ਪਸ਼ੂ ਹਸਪਤਾਲਾਂ ਵਿੱਚ ਦਵਾਈਆਂ ਉਪਲੱਬਧ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਬਾਜ਼ਾਰ ’ਚ ਉਪਲੱਬਧ ਦਵਾਈਆਂ ਦੀ ਕਾਲਾਬਾਜ਼ਾਰੀ ਰੋਕਣ ਲਈ ਹੁਣੇ ਤੋਂ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।