ਪੱਤਰ ਪ੍ਰੇਰਕ
ਘਨੌਰ, 28 ਅਗਸਤ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਗੋਦ ਲਏ ਪਿੰਡ ਮਰਦਾਂਪੁਰ ਵਿੱਚ ਸਕੂਲ ਆਫ ਆਰਗੈਨਿਕ ਫਾਰਮਿੰਗ ਪ੍ਰਾਜੈਕਟ ਅਧੀਨ ਫਸਲਾਂ ਦੇ ਨਾਲ ਰੁੱਖ ਲਗਾਉਣ ਬਾਰੇ ਡਾ. ਜਸ਼ਨਜੋਤ ਕੌਰ ਦੀ ਅਗਵਾਈ ਵਿੱਚ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਕੈਂਪ ਦੌਰਾਨ ਯੂਨੀਵਰਸਿਟੀ ਵੱਲੋਂ ਵਾਤਾਵਰਨ ਸ਼ੁੱਧਤਾ ਲਈ 500 ਪੌਦੇ ਵੰਡੇ ਗਏ। ਕੈਂਪ ਦੌਰਾਨ ਡਾ. ਬਲਜੀਤ ਸਿੰਘ, ਡਾ. ਸੋਹਨ ਸਿੰਘ ਵਾਲੀਆ, ਡਾ. ਜਸ਼ਨਜੋਤ ਕੌਰ ਸਮੇਤ ਹੋਰਨਾਂ ਨੇ ਕਿਸਾਨਾਂ ਨੂੰ ਬੂਟੇ ਲਗਾਉਣ ਦੇ ਢੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੌਸਮ ਅਤੇ ਮਿੱਟੀ ਦੇ ਅਨੁਸਾਰ ਕਿਸਾਨ ਆਪਣੇ ਖੇਤਾਂ ਵਿੱਚ ਕਿਹੜੇ ਕਿਹੜੇ ਰੁੱਖ ਲਗਾ ਸਕਦੇ ਹਨ। ਬੁਲਾਰਿਆਂ ਨੇ ਰੁੱਖਾਂ ਦੀ ਅਹਿਮੀਅਤ ਅਤੇ ਘਰੇਲੂ ਪੱਧਰ ’ਤੇ ਆਪਣੀਆਂ ਖੁਰਾਕੀ ਲੋੜਾਂ ਦੀ ਪੂਰਤੀ ਲਈ ਫਲਾਂ ਅਤੇ ਸਬਜ਼ੀਆਂ ਦੀ ਘਰ ਵਿੱਚ ਹੀ ਉਗਾਉਣ ਲਈ ਪ੍ਰੇਰਿਤ ਕੀਤਾ। ਖੇਤੀਬਾੜੀ ਮਾਹਿਰਾਂ ਨੇ ਰੁੱਖ ਲਗਾਉਣ ਤੋਂ ਹੋਣ ਵਾਲੀ ਆਮਦਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਕੈਂਪ ਦੌਰਾਨ ਕੁਲਵਿੰਦਰ ਸਿੰਘ, ਜੂਨੀਅਰ ਫੀਲਡ ਹੈਲਪਰ ਗੁਰਪ੍ਰੀਤ ਸਿੰਘ ਹਾਜ਼ਰ ਸਨ।