ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 16 ਜੂਨ
ਇੱਥੋਂ ਦੀ ਨਵੀਂ ਅਨਾਜ ਮੰਡੀ ਸਥਿਤ ਆਮ ਆਦਮੀ ਦੇ ਪਾਰਟੀ ਦਫਤਰ ਵਿੱਚ ਪਾਰਟੀ ਆਗੂਆਂ ਨੀਨਾ ਮਿੱਤਲ, ਗੁਰਪ੍ਰੀਤ ਸਿੰਘ ਸੰਧੂ ਨਰੜੂ, ਦਿਨੇਸ਼ ਮਹਿਤਾ, ਇਸਲਾਮ ਅਲੀ ਅਤੇ ਗੁਰਪ੍ਰੀਤ ਸਿੰਘ ਧਮੋਲੀ ਦੀ ਸਾਂਝੀ ਅਗਵਾਈ ਹੇਠ ਵਾਰਡ ਨੰਬਰ-28 ਦੇ ਵਸਨੀਕ ਦਰਜਨਾਂ ਕਾਂਗਰਸੀ ਵਰਕਰ ਪਾਰਟੀ ਨੂੰ ਅਲਵਿਦਾ ਆਖ ਕੇ ‘ਆਪ’ ਵਿੱਚ ਸ਼ਾਮਿਲ ਹੋ ਗਏ। ਇਨ੍ਹਾਂ ਵਰਕਰਾਂ ਨੂੰ ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਬੁਧ ਰਾਮ ਨੇ ਆਖਿਆ ਕਿ ਰਾਜ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੀ ਲੋਕ ਵਿਰੋਧੀ ਨੀਤੀਆਂ ਤੋਂ ਅੱਕ ਕੇ ਆਪ ਮੂਹਾਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹੋਰਨਾਂ ਪਾਰਟੀਆਂ ਦੇ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਪ੍ਰਿੰਸੀਪਲ ਨੇ ਕਿਹਾ ਕਿ ਰਾਜ ਦੇ ਲੋਕ ਪੰਜਾਬ ਵਿੱਚੋਂ ਮਾਫੀਆ ਰਾਜ ਖਤਮ ਕਰਕੇ ‘ਆਪ’ ਦੀ ਅਗਵਾਈ ਵਿੱਚ ਸਮੁੱਚਾ ਨਿਜ਼ਾਮ ਬਦਲਣਾ ਚਾਹੁੰਦੇ ਹਨ ਤਾਂ ਜੋ ਹਰ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਹੋ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੱਤਾ ਤੋਂ ਲਾਂਭੇ ਹੋਣ ਮਗਰੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸਪਰੀਮੋ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿੱਚ ਚੋਣਾਂ ਲੜ ਕੇ ਮਾਫੀਆ ਰਾਜ ਦਾ ਸਫਾਇਆ ਕੀਤਾ ਜਾਵੇਗਾ। ਇਸ ਮੌਕੇ ਗੁਰਵੀਰ ਸਿੰਘ ਸਰਾਓ, ਪਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਨੀਸ਼ ਸੂਦ, ਅਵਤਾਰ ਅਲੀ ਸਣੇ ਹੋਰ ਆਗੂ ਮੌਜੂਦ ਸਨ।
‘ਆਪ’ ਦੀ ਮੀਟਿੰਗ ਅੱਜ
ਭਵਾਨੀਗੜ੍ਹ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਨੂੰ ਜਥੇਬੰਦਕ ਤੌਰ ’ਤੇ ਮਜਬੂਤ ਕਰਨ ਲਈ ਪਾਰਟੀ ਦੇ ਸਰਗਰਮ ਵਲੰਟੀਅਰਾਂ ਦੀ ਮੀਟਿੰਗ 17 ਜੂਨ ਨੂੰ ਇੱਥੇ ਬਾਬਾ ਪੋਥੀ ਵਾਲੇ ਦੇ ਡੇਰੇ ਵਿੱਚ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਕੌਰ ਭਰਾਜ ਹਲਕਾ ਇੰਚਾਰਜ ਸੰਗਰੂਰ ਨੇ ਦੱਸਿਆ ਕਿ ਇਸ ਮੀਟਿੰਗ ਨੂੰ ਲੋਕ ਸਭਾ ਹਲਕਾ ਸੰਗਰੂਰ ਦੇ ਚੋਣ ਆਬਜ਼ਰਵਰ ਪ੍ਰੋ. ਬਲਜਿੰਦਰ ਕੌਰ ਵਿਧਾਇਕ ਸਾਬੋ ਕੀ ਤਲਵੰਡੀ, ਲੋਕ ਸਭਾ ਹਲਕੇ ਦੇ ਆਬਜ਼ਰਵਰ ਸੁਖਜਿੰਦਰ ਸਿੰਘ ਕੌਣੀ ਤੇ ਸੈਕਟਰ ਆਬਜ਼ਰਵਰ ਜੱਸੀ ਸੋਹੀਆਂ ਵਾਲਾ ਸੰਬੋਧਨ ਕਰਨਗੇ।