ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਗਸਤ
ਆਪਣੀਆਂ ਮੰਗਾਂ ਦੀ ਪੂਰਤੀ ਲਈ ਪੇਂਡੂ ਅਤੇ ਖੇਤ ਮਜ਼ਦੂਰਾਂ ਵੱਲੋਂ ਇੱਥੇ ਦਿੱਤੇ ਗਏ ਤਿੰਨ ਰੋਜ਼ਾ ਧਰਨੇ ਮਗਰੋਂ ਮਗਨਰੇਗਾ ਸਬੰਧੀ ਨਿਯਮਾਂ ਨੂੰ ਮੁਕੰਮਲ ਰੂਪ ’ਚ ਲਾਗੂ ਕਰਵਾਉਣ ਲਈ 13 ਅਗਸਤ ਨੂੰ ਪੰਜਾਬ ਭਰ ਤੋਂ ਸੈਂਕੜੇ ਮਗਨਰੇਗਾ ਵਰਕਰ ਵੀ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਪੁੱਜ ਰਹੇ ਹਨ। ਇਸ ਸਬੰਧੀ ਡੈਮੋਕਰੇਟਿਕ ਮਗਨਰੇਗਾ ਫਰੰਟ ਦੇ ਬੈਨਰ ਹੇਠ ਇੱਥੇ ਸਰਹਿੰਦ ਰੋਡ ਸਥਿਤ ਅਨਾਜ ਮੰਡੀ ਵਿੱਚ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਅਰਥ ਸ਼ਾਸਤਰੀ ਡਾ. ਗਿਆਨ ਸਿੰਘ, ਪਿਆਰੇ ਲਾਲ ਗਰਗ ਅਤੇ ਹਮੀਰ ਸਿੰਘ ਆਦਿ ਬੁਲਾਰੇ ਵੀ ਸੰਬੋਧਨ ਕਰਨਗੇ। ਫਰੰਟ ਦੇ ਨੁਮਾਇੰਦੇ ਗੁਰਮੀਤ ਸਿੰਘ ਥੂਹੀ ਦਾ ਕਹਿਣਾ ਸੀ ਕਿ ਇਸ ਦੌਰਾਨ ਦਸ ਹਜਾਰ ਤੋਂ ਵੀ ਵੱਧ ਮਗਨਰੇਗਾ ਵਰਕਰਾਂ ਦੇ ਪੁੱਜਣ ਦਾ ਅਨੁਮਾਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਗਨਰੇਗਾ ਵਰਕਰਾਂ ਦੀਆਂ ਮੰਗਾਂ ਦੀ ਪੂਰਤੀ ਲਈ ਜੇਕਰ ਕਿਸੇ ਸਮਰੱਥ ਅਧਿਕਾਰੀ ਨੇ ਇਕੱਠ ’ਚ ਪੁੱਜ ਕੇ ਤਸੱਲੀ ਨਾ ਕਰਵਾਈ, ਤਾਂ ਹਜਾਰਾਂ ਵਰਕਰਾਂ ਦਾ ਇਹ ਕਾਫਲਾ ਮੁੱਖ ਮੰਤਰੀ ਨਿਵਾਸ ਵੱਲ ਨੂੰ ਕੂਚ ਕਰਨ ਲਈ ਮਜਬੂਰ ਹੋਵੇਗਾ।
ਦਲਿਤ ਪਰਿਵਾਰ ਅੱਜ ਮੋਤੀ ਮਹਿਲ ਵੱਲ ਕਰਨਗੇ ਮਾਰਚ
ਦਲਿਤ ਪਰਿਵਾਰਾਂ ਨੂੰ ਸ਼ਾਮਲਾਟ ਵਿੱਚੋਂ ਬਣਦਾ ਹਿੱਸਾ ਚਕੋਤੇ ’ਤੇ ਦੇਣਾ ਯਕੀਨੀ ਬਣਾਉਣ, ਨਜ਼ੂਲ ਜ਼ਮੀਨਾਂ ਦੇ ਮਾਲਕਾਨਾ ਹੱਕ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਵਾਉਣ ਅਤੇ ਸੀਲਿੰਗ ਐਕਟ ’ਚ ਨਿਰਧਾਰਤ ਜ਼ਮੀਨ ਤੋਂ ਉਪਰਲੀ ਜ਼ਮੀਨ ਬੇਜ਼ਮੀਨੇ ਪਰਿਵਾਰਾਂ ’ਚ ਵੰਡਣ ਸਮੇਤ ਦਲਿਤਾਂ ਨਾਲ਼ ਸਬੰਧਤ ਹੋਰ ਮੰਗਾਂ ਦੀ ਪੂਰਤੀ ਲਈ ‘ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ’ ਵੱਲੋਂ 13 ਅਗਸਤ ਨੂੰ ਇਥੇ ਫੁਹਾਰਾ ਚੌਕ ਤੋਂ ਮੁੱਖ ਮੰਤਰੀ ਦੇ ਨਿਵਾਸ ਮੋਤੀ ਮਹਿਲ ਵੱਲ ਮਾਰਚ ਕੀਤਾ ਜਾਵੇਗਾ। ਇਹ ਜਾਣਕਾਰੀ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਨੇ ਦਿੱਤੀ।