ਪੱਤਰ ਪ੍ਰੇਰਕ
ਪਟਿਆਲਾ, 17 ਅਗਸਤ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕਵੀ ਮਹਿੰਦਰ ਸਿੰਘ ਜੱਗੀ ਦੀ ਪੁਸਤਕ ‘ਖੋਲ੍ਹ ਕਲਾਵਾ’ ਲੋਕ ਅਰਪਣ ਕੀਤੀ। ਇਸ ਯਾਦਗਾਰੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਤੇ ਮੁੱਖ ਮਹਿਮਾਨ ਵਜੋਂ ਪਦਮਸ੍ਰੀ ਜਗਜੀਤ ਸਿੰਘ ਦਰਦੀ ਨੇ ਸ਼ਿਰਕਤ ਕੀਤੀ, ਜਦੋਂਕਿ ਪ੍ਰਧਾਨਗੀ ਕਵੀ ਨਰੇਸ਼ ਨਾਜ਼ ਨੇ ਕੀਤੀ।
ਡਾ. ਹਰਜੀਤ ਸਿੰਘ ਸੱਧਰ ਨੇ ਵਿਸ਼ੇ ਤੇ ਕਲਾ ਪੱਖ ਦੇ ਅਹਿਮ ਨੁਕਤਿਆਂ ਉਪਰ ਚਰਚਾ ਕੀਤੀ, ਜਦੋਂਕਿ ਪ੍ਰਧਾਨਗੀ ਕਰ ਰਹੇ ਨਰੇਸ਼ ਨਾਜ਼ ਨੇ ਸਭਾ ਅਤੇ ਸ੍ਰੀ ਜੱਗੀ ਦੀ ਕਾਵਿ ਸ਼ੈਲੀ ਦੀ ਵਡਿਆਈ ਕੀਤੀ। ਪ੍ਰਵੀਨ ਕੁਮਾਰ ਨੇ ਭਾਸ਼ਾ ਵਿਭਾਗ ਦੇ ਹਵਾਲੇ ਸਾਹਿਤਕਾਰਾਂ ਦੀ ਮਜ਼ਬੂਤ ਸਾਂਝ ਬਾਰੇ ਗੱਲਾਂ ਕੀਤੀਆਂ। ਕਵੀ ਮਹਿੰਦਰ ਸਿੰਘ ਜੱਗੀ ਨੇ ਆਪਣੀ ਲੋਕ ਅਰਪਣ ਹੋਈ ਪੁਸਤਕ ਵਿਚੋਂ ਆਤਮਾ-ਪ੍ਰਮਾਤਮਾ ਦੀ ਪਰਸਪਰ ਸਾਂਝ ਨੂੰ ਦਰਸਾਉਂਦੀ ਇਕ ਖ਼ੂਬਸੂਰਤ ਨਜ਼ਮ ਸਰੋਤਿਆਂ ਨਾਲ ਸਾਂਝੀ ਕੀਤੀ। ਸਮਾਗਮ ਦੇ ਦੂਜੇ ਦੌਰ ਵਿਚ ਬਹੁਪੱਖੀ ਲਿਖਾਰੀਆਂ ਵਿਚੋਂ ਵਿਜੇਤਾ ਭਾਰਦਵਾਜ, ਡਾ. ਜੀਐੱਸ ਅਨੰਦ, ਡਾ. ਗੁਰਬਚਨ ਸਿੰਘ ਰਾਹੀ, ਸੁਖਦੇਵ ਸਿੰਘ ਚਹਿਲ, ਹਰਜਿੰਦਰ ਕੌਰ ਸੱਧਰ ਆਦਿ ਨੇ ਵੰਨ ਸੁਵੰਨੀਆਂ ਲਿਖਤਾਂ ਪੜ੍ਹੀਆਂ।