ਖੇਤਰੀ ਪ੍ਰਤੀਨਿਧ
ਪਟਿਆਲਾ, 4 ਨਵੰਬਰ
ਝੋਨੇ ਦੀ ਖਰੀਦ ਅਤੇ ਲਿਫਟਿੰਗ ਸਬੰਧੀ ਕਿਸਾਨਾਂ ਦੀ ਖੱਜਲ ਖੁਆਰੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਸੂਬਾ ਅਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਚੌਲਾਂ ਦੇ ਭਰੇ ਗੁਦਾਮ ਖਾਲੀ ਕਰਵਾਉਣ ਲਈ ਕੇਂਦਰ ਨੇ ਪਾਸਾ ਵੱਟ ਲਿਆ ਹੈ ਤੇ ਪੰਜਾਬ ਸਰਕਾਰ ਦੇ ਕਿਸੇ ਵੀ ਵਜ਼ੀਰ ਜਾਂ ਅਧਿਕਾਰੀ ਵੱਲੋਂ ਗੁਦਾਮ ਖ਼ਾਲੀ ਕਰਵਾਉਣ ਲਈ ਦਿੱਲੀ ਤੱਕ ਜਾਣ ਦੀ ਖੇਚਲ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੁੱਖ ਸਿਆਸੀ ਵਿਰੋਧੀ ਪਾਰਟੀਆਂ ਦੇ ਕਿਸੇ ਵੀ ਐੱਮਪੀ ਜਾਂ ਵਿਧਾਇਕ ਨੇ ਵੀ ਇਸ ਸਮੱਸਿਆ ਦੇ ਹੱਲ ਲਈ ਕੋਈ ਯਤਨ ਨਹੀਂ ਕੀਤੇ। ‘ਆਪ’ ਦੀ ਸਰਕਾਰੀ ਧਿਰ ਕੇਵਲ ਕੇਂਦਰ ਨੂੰ ਨਿੰਦਣ ਲਈ ਅਤੇ ਕੇਂਦਰ ਵਿੱਚ ਸੱਤਾਧਾਰੀ ਪਾਰਟੀ ਦੇ ਆਗੂ ਸੂਬਾ ਸਰਕਾਰ ਦੀਆਂ ਨਾਕਾਮੀਆਂ, ਕੁਤਾਹੀਆਂ ਅਤੇ ਲਾਪ੍ਰਵਾਹੀਆਂ ਨੂੰ ਉਜ਼ਾਗਰ ਕਰਨ ਤੱਕ ਹੀ ਸੀਮਤ ਹਨ ਜਦਕਿ ਵਿਰੋਧੀ ਪਾਰਟੀਆਂ ਦੇ ਆਗੂ ਇਨ੍ਹਾਂ ਦੋਵੇਂ ਹਕੂਮਤਾਂ ਨੂੰ ਨਿੰਦਣ ਲਈ ਮੌਕੇ ਦੀ ਤਲਾਸ਼ ਭਾਲ਼ਦੇ ਰਹੇ। ਇਸ ਤਰ੍ਹਾਂ ਸਰਕਾਰਾਂ ਅਤੇ ਸਿਆਸੀ ਆਗੂਆਂ ਦੀ ਇਸ ਦੂਸ਼ਣਬਾਜ਼ੀ ਅਤੇ ਲਾਪ੍ਰਵਾਹੀ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨੂੰ ਭੁਗਤਣਾ ਪਿਆ ਹੈ।