ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਸਤੰਬਰ
ਚਿੰਤਕ ਤੇ ਵਿਦਵਾਨ ਮਾਲਵਿੰਦਰ ਸਿੰਘ ਮਾਲੀ ਨੇ ਪਟਿਆਲਾ ਜੇਲ੍ਹ ਪ੍ਰਸ਼ਾਸਨ ’ਤੇ ਉਸ ਦੁਰਵਿਹਾਰ ਕਰਨ ਦੇ ਦੋਸ਼ ਲਾਏ ਹਨ। ਸ੍ਰੀ ਮਾਲੀ ਦੇ ਛੋਟੇ ਭਰਾ ਰਣਜੀਤ ਸਿੰਘ ਗਰੇਵਾਲ ਅਨੁਸਾਰ ਉਨ੍ਹਾਂ ਨੂੰ ਸ੍ਰੀ ਮਾਲੀ ਨੇ ਜੇਲ੍ਹ ਵਿੱਚੋਂ ਫੋਨ ਰਾਹੀਂ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀਆਂ ਅੱਖਾਂ ਦਾ ਅਪਰੇਸ਼ਨ ਹੋਣਾ ਸੀ। ਇਸ ਸਬੰਧੀ ਤਿੰਨ ਦਿਨ ਪਹਿਲਾਂ ਜੇਲ੍ਹ ਵਿਚ ਆਈਆਂ ਰਿਪੋਰਟਾਂ ਨੂੰ ਉਸ ਨੂੰ ਨਹੀਂ ਦਿੱਤੀਆਂ ਗਈਆਂ। ਰਣਜੀਤ ਗਰੇਵਾਲ ਨੂੰ ਤਿੰਨ ਘੰਟਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਮਿਲਾਇਆ ਗਿਆ। ਸ੍ਰੀ ਗਰੇਵਾਲ ਅਨੁਸਾਰ ਮਾਲੀ ਨੇ ਉਸ ਨੂੰ ਕਿਸੇ ਦੂਰ ਦੁਰਾਡੇ ਦੀ ਜੇਲ੍ਹ ਵਿੱਚ ਭੇਜਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਹੈ। ਉਸ ਨੇ ਕਿਹਾ ਕਿ ਜੇ ਇਲਾਜ ਖੁਣੋਂ ਉਸ ਦਾ ਕੋਈ ਸਰੀਰਕ ਨੁਕਸਾਨ ਹੋਇਆ ਤਾਂ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਸ ਨੇ ਇਹ ਵੀ ਕਿਹਾ ਕਿ ਸਰਕਾਰੀ ਧੱਕੇਸ਼ਾਹੀ ਦੇ ਬਾਵਜੂਦ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
ਇਸੇ ਦੌਰਾਨ ਸੰਪਰਕ ਕਰਨ ’ਤੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਵਰੁਣ ਸ਼ਰਮਾ ਨੇ ਮਾਲਵਿੰਦਰ ਸਿੰਘ ਮਾਲੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੇ ਇਲਾਜ ਸਬੰਧੀ ਰਿਪੋਰਟਾਂ ਪਹਿਲਾਂ ਹੀ ਉਨ੍ਹਾਂ ਦੀ ਫਾਈਲ ਵਿੱਚ ਮੌਜੂਦ ਹਨ। ਬਾਕੀ ਜੇਲ੍ਹ ਵਿੱਚ ਅੱਖਾਂ ਦੇ ਇਲਾਜ ਦਾ ਪ੍ਰ੍ਰਬੰਧ ਨਾ ਹੋਣ ਕਰ ਕੇ ਜੇਲ੍ਹ ਪ੍ਰਸਾਸਨ ਵੱਲੋਂ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ’ਚ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਸੁਪਰਡੈਂਟ ਨੇ ਕਿਹਾ ਕਿ ਜੇਲ੍ਹ ਬਦਲੀ ਦਾ ਤਾਂ ਉਨ੍ਹਾਂ ਕੋਲ਼ ਅਧਿਕਾਰ ਹੀ ਨਹੀਂ ਹੈ।