ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਕਤੂਬਰ
ਰਾਜਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਨੂੰ ਛੇਤੀ ਹੀ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਕਰ ਦਿੱਤੇ ਜਾਣ ਦੇ ਆਸਾਰ ਹਨ, ਕਿਉਂਕਿ ਅਦਾਲਤ ਵੱਲੋਂ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ।
ਯਾਦ ਰਹੇ ਕਿ ਮਾਲੀ ਦੇ ਖਿਲਾਫ ਪੰਜਾਬ ਪੁਲੀਸ ਵੱਲੋਂ ਮੁਹਾਲੀ ਵਿਖੇ ਦਰਜ ਕੇਸ ਨੂੰ ਖਾਰਜ ਕਰਾਉਣ ਲਈ ਉਨ੍ਹਾਂ ਦੇ ਭਰਾ ਰਣਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵਿੱਚ ਰਿਟ ਪਟੀਸ਼ਨ ਦਾਇਰ ਕੀਤੀ ਸੀ। ਇਸ ਦੀ ਸੁਣਵਾਈ ਕਰਦਿਆਂ 29 ਅਕਤੂਬਰ ਨੂੰ ਹਾਈ ਕੋਰਟ ਨੇ ਮਾਲੀ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੀ ਹਦਾਇਤ ਦਿੱਤੀ ਸੀ।
ਹਾਈ ਕੋਰਟ ਦੇ ਇਨ੍ਹਾਂ ਹੁਕਮਾਂ ਦੇ ਮੱਦੇਨਜ਼ਰ ਹੀ ਅੱਜ ਸਬੰਧਤ ਅਦਾਲਤ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹੁਕਮ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਪੁੱਜ ਗਏ ਹਨ ਅਤੇ ਇਸ ਸਦਕਾ ਬੁੱਧਵਾਰ ਨੂੰ ਸ਼ਾਮ ਕਰੀਬ ਚਾਰ ਵਜੇ ਤੱਕ ਮਾਲਵਿੰਦਰ ਮਾਲੀ ਨੂੰ ਰਿਹਾਅ ਕਰ ਦਿੱਤਾ ਜਾਵੇਗਾ।