ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਕਤੂਬਰ
ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਸਮੇਤ ਹੋਰ ਸਮਾਗਮ ਇੱਥੇ ਵੱਖ-ਵੱਖ ਥਾਵਾਂ ’ਤੇ ਕੀਤੇ ਗਏ। ਇਸੇ ਕੜੀ ਵਜੋਂ ਭਗਵਾਨ ਵਾਲਮੀਕਿ ਧਰਮ ਸਭਾ ਲਹੌਰੀ ਗੇਟ ਪਟਿਆਲਾ ਦੇ ਚੇਅਰਮੈਨ ਜਤਿੰਦਰ ਕੁਮਾਰ ਪ੍ਰਿੰਸ ਅਤੇ ਪ੍ਰਧਾਨ ਰਾਜੇਸ਼ ਕਾਲਾ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ‘ਸੈਂਟਰਲ ਵਾਲਮੀਕਿ ਸਭਾ ਇੰਡੀਆ’ ਵੱਲੋਂ ਸੀਨੀਅਰ ਦਲਿਤ ਆਗੂ ਰਾਜੇਸ਼ ਘਾਰੂ ਅਤੇ ਸੋਨੂੰ ਸੰਗਰ ਦੀ ਅਗਵਾਈ ਵਿੱਚ ਲਹੌਰੀ ਗੇਟ ਪਟਿਆਲਾ ਵਿਖੇ ਇਸ ਪਵਿੱਤਰ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ, ਜਿਸ ਦੌਰਾਨ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ, ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਇੰਦਰਮੋਹਣ ਸਿੰਘ ਬਜਾਜ, ਪੀਆਰਟੀਸੀ ਦੇ ਸਾਬਕਾ ਚੇਅਰਮੈਨ ਕੇ. ਕੇ ਸ਼ਰਮਾ, ਸੂਬਾਈ ਆਗੂ ਗੇਜਾ ਰਾਮ ਵਾਲਮੀਕਿ ਤੇ ਨਗਰ ਨਿਗਮ ਦੇ ਡਿਪਟੀ ਮੇਅਰ ਵਿੰਤੀ ਸੰਗਰ ਸਮੇਤ ਕਈ ਹੋਰ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕਰਦਿਆਂ ਨਤਮਸਤਕ ਹੋਏ। ਸ਼ੋਭਾ ਯਾਤਰਾ ’ਚ ਸ਼ਾਮਲ ਹੋਈਆਂ ਵੱਖ ਵੱਖ ਸ਼ਖ਼ਸੀਅਤਾਂ ਨੂੰ ਪ੍ਰਬੰਧਕਾਂ ਵਜੋਂ ਸਭਾ ਦੇ ਚੇਅਰਮੈਨ ਜਤਿੰਦਰ ਕੁਮਾਰ ਪ੍ਰਿੰਸ ਅਤੇ ਪ੍ਰਧਾਨ ਰਾਜੇਸ਼ ਕਾਲਾ ਵੱਲੋਂ ਸਨਮਾਨਿਤ ਵੀ ਕੀਤਾ।
ਇਸੇ ਦੌਰਾਨ ਰਵਿੰਦਰ ਸਿੰਘ ਤਰੈਂ ਨੇ ਦੱਸਿਆ ਕਿ ਪਿੰਡ ਤਰੈਂ ਵਿਖੇ ਵੀ ਭਗਵਾਨ ਵਾਲਮੀਕਿ ਜੀ ਮਹਾਰਾਜ ਦਾ ਪਵਿੱਤਰ ਪ੍ਰਕਾਸ਼ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸੂਬਾਈ ਮੁਲਾਜ਼ਮ ਅਤੇ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਵੀ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ।
ਡਕਾਲਾ (ਪੱਤਰ ਪ੍ਰੇਰਕ): ਇਲਾਕੇ ਦੇ ਸਰਕਲ ਬਲਬੇੜਾ ਦੇ ਵੱਖ-ਵੱਖ ਪਿੰਡਾਂ ਵਿੱਚ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਭਗਵਾਨ ਵਾਲਮੀਕਿ ਦੇ ਮੰਦਰਾਂ ਵਿੱਚ ਪੂਜਾ ਅਰਚਨਾ ਕੀਤੀ ਗਈ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸ਼ਿਰਕਤ ਕਰਦਿਆਂ ਸਫੇੜਾ, ਮਰਦਾਂਹੇੜੀ, ਸੁਨਿਆਰਹੇੜੀ, ਪੰਜੌਲਾ ਸਮੇਤ ਵੱਖ-ਵੱਖ ਪਿੰਡਾਂ ਦੇ ਮੰਦਰਾਂ ’ਚ ਨਤਮਸਤਕ ਹੋਏ। ਇਸ ਮੌਕੇ ਸਰਕਲ ਇੰਚਾਰਜ ਡਾ. ਕਰਮ ਸਿੰਘ ਰਾਜਗੜ੍ਹ, ਜਿਲ੍ਹਾ ਯੂਥ ਪ੍ਰਧਾਨ ਹੈਪੀ ਪਹਾੜੀਪੁਰ, ਕਰਨਵੀਰ ਕੱਕੇਪੁਰ, ਸਰਪੰਚ ਜਗਦੀਪ ਸਿੰਘ ਮਰਦਾਂਹੇੜੀ, ਵਲੈਤੀ ਰਾਮ ਪੰਜੋਲਾ, ਬਲਾਕ ਪ੍ਰਧਾਨ ਕੁਲਵੰਤ ਸਿੰਘ ਬਲਬੇੜਾ,ਹਰਜਿੰਦਰ ਸਿੰਘ, ਗੋਲਡੀ ਸਿੰਘ ਵਾਲਮੀਕ ਕਮੇਟੀ ਪ੍ਰਧਾਨ, ਅਮਰਜੀਤ ਸਿੰਘ, ਕ੍ਰਿਸ਼ਨ ਸਿੰਘ, ਰੋਡਾ ਸਿੰਘ, ਧੀਰਾ ਮਰਦਾਂਹੇੜੀ, ਦੀਪ ਮਰਦਾਂਹੇੜੀ ਸਮੇਤ ਹੋਰ ਵੀ ਹਾਜ਼ਰ ਸਨ।
ਇਸੇ ਤਰ੍ਹਾਂ ਨੇੜਲੇ ਪਿੰਡ ਤਰੈਂ ਵਿੱਚ ਭਗਵਾਨ ਵਾਲਮੀਕਿ ਦਾ ਪਵਿੱਤਰ ਪ੍ਰਕਾਸ਼ ਦਿਵਸ ਰਵਾਇਤੀ ਸ਼ਰਧਾ ਨਾਲ ਮਨਾਇਆ ਗਿਆ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਪਿੰਡ ਕੌਹਰੀਆਂ ਵਿੱਚ ‘ਮਹਾਂਰਿਸ਼ੀ ਵਾਲਮੀਕਿ ਵੈੱਲਫੇਅਰ ਕਮੇਟੀ ਵੱਲੋਂ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦਾ ਆਗਮਨ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਰਖਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਸੰਗਤਾਂ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਵਾਲਮੀਕਿ ਯੂਥ ਕਲੱਬ ਨੇ ਸ਼ੋਭਾ ਯਾਤਰਾ ਸਜਾਈ
ਧੂਰੀ (ਖੇਤਰੀ ਪ੍ਰਤੀਨਿਧ): ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਆਦਿ ਵਾਲਮੀਕਿ ਯੂਥ ਕਲੱਬ ਵੱਲੋਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਸ਼ੋਭਾ ਯਾਤਰਾ ਨੂੰ ਸਥਾਨਕ ਵਾਰਡ ਨੰਬਰ 16 ਵਿੱਚ ਸਥਿਤ ਭਗਵਾਨ ਵਾਲਮੀਕਿ ਮੰਦਰ ਤੋਂ ਰਵਾਨਾ ਕਰਨ ਸਮੇਂ ਜੋਤੀ ਪ੍ਰਚੰਡ ਦੀ ਰਸਮ ਐੱਸਸੀ ਕਮਿਸ਼ਨ ਮੈਂਬਰ ਚੰਦਰੇਸ਼ਵਰ ਮੋਹੀ ਅਤੇ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਵੱਲੋਂ ਨਿਭਾਉਦੇ ਹੋਏ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਸਦਰ ਬਾਜ਼ਾਰ, ਪੁਰਾਣੀ ਅਨਾਜ ਮੰਡੀ ਸਮੇਤ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਭਗਵਾਨ ਵਾਲਮੀਕਿ ਮੰਦਰ ਵਿਖੇ ਹੀ ਸਮਾਪਤ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਸ਼ਰਧਾਲੂਆਂ ਵੱਲੋਂ ਸ਼ੋਭਾ ਯਾਤਰਾ ਦਾ ਭਰਵਾਂ ਸੁਆਗਤ ਕਰਦਿਆਂ ਭਗਵਾਨ ਵਾਲਮੀਕਿ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।