ਮੂਨਕ (ਪੱਤਰ ਪ੍ਰੇਰਕ): ਨਜ਼ਦੀਕੀ ਪਿੰਡ ਬਿਸ਼ਨਪੁਰਾ ਖੋਖਰ ਦੀ ਮਨਪ੍ਰੀਤ ਕੌਰ ਪਿਛਲੇ ਦਿਨੀਂ ਦਾਜ ਦੀ ਬਲੀ ਚੜ੍ਹ ਗਈ। ਮ੍ਰਿਤਕਾ ਮਨਪ੍ਰੀਤ ਕੌਰ ਦੇ ਪਿਤਾ ਗੁਰਤੇਜ ਸਿੰਘ ਪਿੰਡ ਬਿਸ਼ਨ ਪੁਰਾ ਖੋਖਰ ਨੇ ਦੱਸਿਆ ਕਿ ਉਸ ਦੀ ਬੇਟੀ ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਸਵਾਜਪੁਰ ਵਿਚ ਪ੍ਰਭਜੋਤ ਸਿੰਘ ਪੁੱਤਰ ਹਰਜਿੰਦਰ ਸਿੰਘ ਨੂੰ ਵਿਆਹੀ ਹੋਈ ਸੀ। ਵਿਆਹ ਦੇ ਕੁਝ ਦੇਰ ਬਾਅਦ ਹੀ ਉਸ ਦੇ ਸਹੁਰਾ ਪਰਿਵਾਰ ਨੇ ਮਨਪ੍ਰੀਤ ਨੂੰ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਾਰੇ ਦੋ ਵਾਰ ਪੰਚਾਇਤਾਂ ਵੀ ਬੈਠੀਆਂ ਸਨ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਤੇ ਉਸ ਦਾ ਪਤੀ ਪਿਛਲੇ ਸਾਲ ਆਸਟਰੇਲੀਆ ਚਲੇ ਗਏ ਸਨ। ਇਸ ਸਾਲ ਲੌਕਡਾਊਨ ਦੌਰਾਨ ਉਹ ਮਈ ਵਿਚ ਵਾਪਸ ਆ ਗਏ ਸਨ। ਮਨਪ੍ਰੀਤ ਨੇ ਹੁਣ ਆਈਲੈਟਸ ਵਿਚ ਸਾਢੇ ਸੱਤ ਬੈਂਡ ਲੈ ਲਏ ਸਨ ਤੇ ਉਨ੍ਹਾਂ ਨੇ ਕੈਨੇਡਾ ਜਾਣਾ ਸੀ। ਗੁਰਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 16 ਨਵੰਬਰ ਨੂੰ ਫੋਨ ਆਇਆ ਕਿ ਮਨਪ੍ਰੀਤ ਕੌਰ ਬਿਮਾਰ ਹੈ ਤੇ ਪੀਜੀਆਈ, ਚੰਡੀਗੜ੍ਹ ਦਾਖ਼ਲ ਹੈ। ਉੱਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਸੀ। 21 ਨਵੰਬਰ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਸ ਦਾ ਪਿਛਲੇ ਦਿਨੀਂ ਪਿੰਡ ਬਿਸ਼ਨਪੁਰਾ ਖੋਖਰ ਵਿਚ ਸਸਕਾਰ ਕੀਤਾ ਗਿਆ। ਥਾਣਾ ਪਸਿਆਣਾ ਦੀ ਪੁਲੀਸ ਨੇ ਆਤਮ-ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਪਤੀ ਪ੍ਰਭਜੋਤ ਸਿੰਘ, ਸੱਸ ਜਸਵਿੰਦਰ ਕੌਰ, ਸਹੁਰਾ ਹਰਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।