ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 27 ਜੁਲਾਈ
ਜੰਮੂ ਕਸ਼ਮੀਰ ਵਿੱਚ ਅਤਿਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਨਾਇਕ ਮਲਕੀਤ ਸਿੰਘ ਦੀ ਕੁਰਬਾਨੀ ਨੂੰ ਬੂਰ ਨਹੀਂ ਪਿਆ ਅਤੇ ਉਸ ਦਾ ਪਰਿਵਾਰ 20 ਸਾਲ ਬੀਤਣ ਦੇ ਬਾਵਜੂਦ ਸਹੂਲਤਾਂ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਮਲਕੀਤ ਸਿੰਘ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਹੜਾਣਾ ਵਿੱਚ ਹੋਇਆ ਸੀ। 15 ਜਨਵਰੀ 1986 ਵਿੱਚ ਉਹ ਭਾਰਤੀ ਫੌਜ ਦੀ 18 ਸਿੱਖ ਰੈਜਮੈਂਟ ਵਿੱਚ ਭਰਤੀ ਹੋਇਆ ਸੀ, ਜਿਸ ਨੂੰ ਸੇਵਾ ਕਾਲ ਦੌਰਾਨ 6 ਰਾਸ਼ਟਰੀ ਰਾਈਫਲ ਵਿੱਚ ਭੇਜ ਦਿੱਤਾ ਗਿਆ। ਜੰਮੂ ਕਸ਼ਮੀਰ ਦੇ ਕੁੱਪਵਾੜਾ ਦੇ ਸੰਘਣੇ ਜੰਗਲਾਂ ਵਿੱਚ ਉਸ ਦੀ ਟੁਕੜੀ ਨੇ ਸੰਘਣੇ ਜੰਗਲਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ। ਇਸ ਦੌਰਾਨ ਅਤਿਵਾਦੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਗੋਲੀ ਵੱਜਣ ਕਾਰਨ 13 ਸਤੰਬਰ 2000 ਨੂੰ ਸ਼ਹੀਦ ਹੋ ਗਿਆ। ਸਰਕਾਰ ਨੇ ਉਸ ਦੇ ਸ਼ਹੀਦੀ ਸਮਾਗਮ ਮੌਕੇ ਦੇਵੀਗੜ੍ਹ ਤੋਂ ਪਿੰਡ ਹੜਾਣਾ ਅਤੇ ਭਾਖਰ ਤੋਂ ਪਿੰਡ ਹੜਾਣਾ ਤੱਕ ਸੜਕ ਦਾ ਨਾਮਕਰਨ, ਪਿੰਡ ਨੂੰ ਸੁੰਦਰ ਬਣਾਉਣ ਅਤੇ ਉਸ ਦੇ ਨਾਂ ’ਤੇ ਸਟੇਡੀਅਮ ਬਣਾਉਣ, ਪਰਿਵਾਰ ਨੂੰ ਪੈਟਰੋਲ ਪੰਪ ਜਾਂ ਗੈਸ ਏਜੰਸੀ ਅਲਾਟ ਕਰਵਾਉਣ ਦੇ ਵਾਅਦੇ ਕੀਤੇ ਸਨ। ਮਲਕੀਤ ਸਿੰਘ ਦੇ ਪਿਤਾ ਰਾਮਨਾਥ ਨੇ ਦੱਸਿਆ, ‘‘ਉਸ ਸਮੇਂ 5 ਲੱਖ ਰੁਪਏ ਮਾਲੀ ਮਦਦ ਮਿਲਦੀ ਸੀ, ਉਹ ਵੀ ਅਸੀਂ ਬੜੀ ਜਦੋ ਜਹਿਦ ਨਾਲ ਲਈ।’’ ਉਨ੍ਹਾਂ ਮੰਗ ਕੀਤੀ ਕਿ ਮਲਕੀਤ ਸਿੰਘ ਦੀ ਪਤਨੀ ਜੋ ਸਕੂਲ ਵਿਚ ਸੇਵਾਦਾਰ ਹੈ ਦੀ ਥਾਂ ’ਤੇ ਉਸ ਦੇ ਲੜਕੇ ਨੂੰ ਨੌਕਰੀ ਦਿੱਤੀ ਜਾਵੇ ਅਤੇ ਸ਼ਹੀਦ ਦੀ ਹਰੇਕ ਸਾਲ ਬਰਸੀ ਮਨਾਈ ਜਾਵੇ।