ਅਸ਼ਵਨੀ ਗਰਗ
ਸਮਾਣਾ, 15 ਫਰਵਰੀ
ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਹੁਣ ਜਦੋਂ ਸਿਖਰਾਂ ਵੱਲ ਵਧ ਰਿਹਾ ਹੈ, ਅਜਿਹੇ ਵਿੱਚ ਪਟਿਆਲਾ ਲੋਕ ਸਭਾ ਹਲਕਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਬਣਾਈ ਗਈ ਪਾਰਟੀ ਪੀਐੱਲਸੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਉਹ ਖੁੱਲ੍ਹ ਕੇ ਪੀਐੱਲਸੀ ਦੇ ਉਮੀਦਾਵਰ ਸੁਰਿੰਦਰ ਸਿੰਘ ਖੇੜਕੀ ਦੇ ਹੱਕ ਵਿਚ ਨਿੱਤਰਨ ਤੋਂ ਗੁਰੇਜ਼ ਕਰ ਰਹੇ ਹਨ ਪ੍ਰੰਤੂ ਅੰਦਰਖਾਤੇ ਉਹ ਆਪਣੇ ਪੁਰਾਣੇ ਸਮਰਥਕਾਂ ਤੇ ਟਕਸਾਲੀ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਪੀਐੱਲਸੀ ਦੇ ਹੱਕ ਵਿੱਚ ਚੱਲਣ ਲਈ ਪੂਰਾ ਜ਼ੋਰ ਲਗਾ ਰਹੇ ਹਨ। ਇਸੇ ਕੜੀ ਤਹਿਤ ਅੱਜ ਪ੍ਰਨੀਤ ਕੌਰ ਪ੍ਰਮੋਦ ਸਿੰਗਲਾ ਦੇ ਘਰ ਆਏ ਅਤੇ ਉੱਥੇ ਕਈ ਕਾਂਗਰਸੀ ਆਗੂਆਂ, ਵਪਾਰਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਤੇ ਹੋਰ ਲੋਕਾਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ। ਉਨ੍ਹਾਂ ਦਾ ਜਾਦੂ ਕਾਂਗਰਸੀ ਵਰਕਰਾਂ ’ਤੇ ਚੱਲਦਾ ਦਿਖਾਈ ਨਹੀਂ ਦੇ ਰਿਹਾ ਹੈ।
ਦੂਜੇ ਪਾਸੇ ਕਾਂਗਰਸੀ ਉਮੀਦਵਾਰ ਰਾਜਿੰਦਰ ਸਿੰਘ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਂਗ ਹੁਣ ਲੋਕ ਤੇ ਪਾਰਟੀ ਵਰਕਰ ਪ੍ਰਨੀਤ ਕੌਰ ਦੀਆਂ ਗੱਲਾਂ ਵਿੱਚ ਨਹੀਂ ਆਉਂਣਗੇ ਜਿਸ ਕਾਰਨ ਉਹ ਪ੍ਰਨੀਤ ਕੌਰ ਦੀਆਂ ਮੀਟਿੰਗਾਂ ਤੋਂ ਬੇਫ਼ਿਕਰ ਹੋ ਕੇ ਆਪਣੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।