ਖੇਤਰੀ ਪ੍ਰਤੀਨਿਧ
ਪਟਿਆਲਾ 25 ਨਵੰਬਰ
ਛੋਟੀ ਤੇ ਵੱਡੀ ਨਦੀ ਦੇ ਸੁੰਦਰੀਕਰਨ ਨੂੰ ਲੈ ਕੇ ਜਾਰੀ ਕੀਤੇ ਗਏ 208 ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕਰਨ ਨੂੰ ਤੋਂ ਪਹਿਲਾਂ ਮੇਅਰ ਸੰਜੀਵ ਬਿੱਟੂ ਨੇ ਨਹਿਰੀ ਵਿਭਾਗ ਤੇ ਸੀਵਰੇਜ ਬੋਰਡ ਦੇ ਇੰਜਨੀਅਰਾਂ ਦੇ ਨਾਲ ਬੈਠਕ ਕੀਤੀ। ਇਸਤੋਂ ਬਾਅਦ ਉਨਾਂ ਨੇ ਰਾਜਪੁਰਾ ਰੋਡ ’ਤੇ ਸਥਿਤ ਛੋਟੀ ਨਦੀ ’ਤੇ 15 ਐੱਮਐੱਲਟੀ ਦੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕਰਨ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ। ਮੇਅਰ ਨੇ ਦੱਸਿਆ ਕਿ ਦੋਹਾਂ ਨਦੀਆਂ ਵਿਚ ਸੁੱਟੇ ਜਾ ਰਹੇ ਸੀਵਰੇਜ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਇਸ ਲਈ ਦੋ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕੀਤੇ ਜਾਣਗੇ। ਸ਼ਹਿਰ ਦੇ ਕਿਸੇ ਵੀ ਇਕਾਈ ਦਾ ਸੀਵਰੇਜ ਕਨੈਕਸ਼ਨ ਛੋਟੀ ਜਾਂ ਵੱਡੀ ਨਦੀ ਵਿਚ ਨਹੀਂ ਰਹੇਗਾ। ਦੋਹਾਂ ਨਦੀਆਂ ਦੇ ਕਿਨਾਰੇ ਸਾਇਕਲ ਟਰੈਕ ਬਣੇਗਾ ਅਤੇ ਨਾਲ ਨਾਲ ਸੈਰਗਾਹ ਤਿਆਰ ਕੀਤੀ ਜਾਵੇਗੀ। ਦੋਹਾਂ ਨਦੀਆਂ ਵਿਚਕਾਰ ਚੈੱਕ ਡੈਮ ਬਣੇਗਾ। ਹਰੇਕ ਚੈਕ ਡੈਮ ਵਿਚ ਸਪੈਸ਼ਲ ਗੇਟ ਹੋਣਗੇ ਜਿਨਾਂ ਨੇ ਨਦੀਆਂ ਵਿਚ ਵਾਧੂ ਪਾਣੀ ਆਉਣ ਜਾਂ ਨਦੀਆਂ ਦੀ ਸਫਾਈ ਦੌਰਾਨ ਖੋਲਿਆ ਜਾ ਸਕੇਗਾ। ਇਸ ਮੌਕੇ ਨਹਿਰੀ ਵਿਭਾਗ ਦੇ ਐੱਸਡੀਓ ਚੇਤਨ ਗੁਪਤਾ, ਸੀਵਰੇਜ ਬੋਰਡ ਦੇ ਐੱਸਡੀਓ ਸੰਜੇ ਜਿੰਦਲ ਸਮੇਤ ਇੰਜਨੀਅਰ ਮੌਜੂਦ ਰਹੇ।