ਜੈਸਮੀਨ ਭਾਰਦਵਾਜ
ਨਾਭਾ, 13 ਨਵੰਬਰ
ਪਿੰਡ ਕਨਸੂਹਾ ਖੁਰਦ ਅਤੇ ਕਨਸੂਹਾ ਕਲਾਂ ਦੇ ਮਨਰੇਗਾ ਮਜ਼ਦੂਰ ਆਪਣੇ ਆਪ ਨੂੰ ਬੇਚਾਰਗੀ ਵਾਲੀ ਸਥਿਤੀ ਵਿਚ ਫਸਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਦੇ ਕੀਤੇ ਕੰਮ ਦੇ ਬਦਲੇ ਕੇਵਲ 50 ਰੁਪਏ ਦਿਹਾੜੀ ਦਿੱਤੀ ਗਈ ਹੈ। ਇਨ੍ਹਾਂ ਕਿਰਤੀਆਂ ਮੁਤਾਬਕ ਕਨਸੂਹਾ ਖੁਰਦ ਦੇ 18 ਮਨਰੇਗਾ ਮਜ਼ਦੂਰਾਂ ਨੇ 19 ਅਕਤੂਬਰ ਤੋਂ 26 ਅਕਤੂਬਰ ਤਕ ਮਾਤਾ ਰਾਣੀ ਟੋਭਾ ਪ੍ਰਾਜੈਕਟ ਤੇ ਮਨਰੇਗਾ ਤਹਿਤ ਕੰਮ ਕੀਤਾ ਅਤੇ ਕਨਸੂਹਾ ਕਲਾਂ ਦੇ 13 ਜਣਿਆਂ ਨੇ 19 ਅਕਤੂਬਰ ਤੋਂ 4 ਨਵੰਬਰ ਤਕ ਇਸੇ ਪ੍ਰਾਜੈਕਟ ਤੇ ਕੰਮ ਕੀਤਾ। ਪੰਜਾਬ ਵਿਚ ਮਨਰੇਗਾ ਦੀ ਦਿਹਾੜੀ 263 ਰੁਪਏ ਹੈ ਪਰ ਦੀਵਾਲੀ ਤੋਂ ਦੋ ਦਿਨ ਪਹਿਲਾਂ ਇਸ ਕੰਮ ਦਾ ਭੁਗਤਾਨ 50 ਰੁਪਏ ਦਿਹਾੜੀ ਦੇ ਹਿਸਾਬ ਨਾਲ ਕੀਤਾ ਗਿਆ। ਬੀਡੀਪੀਓ ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਿਭਾਗ ਦਾ ਜੂਨੀਅਰ ਇੰਜੀਨੀਅਰ ਕੀਤੇ ਕੰਮ ਦੀ ਮਿਣਤੀ ਕਰਦਾ ਹੈ ਜਿਸ ਦੇ ਹਿਸਾਬ ਨਾਲ ਭੁਗਤਾਨ ਕੀਤਾ ਜਾਂਦਾ ਹੈ। ਇਹ ਮਾਮਲਾ ਅੱਜ ਧਿਆਨ ਵਿਚ ਲਿਆਂਦਾ ਗਿਆ ਹੈ ਅਤੇ ਇਸ ਸਬੰਧੀ ਰਿਪੋਰਟ ਮੰਗਵਾਈ ਹੈ। ਮਨਰੇਗਾ ਫ਼ਰੰਟ ਦੇ ਆਗੂ ਰਾਜ ਕੁਮਾਰ ਦਾ ਕਹਿਣਾ ਹੈ ਕਿ ਇਸ ਕਾਰਨ ਵਿਭਾਗ ਦੇ ਮੁਲਾਜ਼ਮ ਦੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।