ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਸਤੰਬਰ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਦੂਜੇ ਦਿਨ ਆਪਣੇ ਹਲਕੇ ਪਟਿਆਲਾ ਦਿਹਾਤੀ ਦੇ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਬਹੁਤੀਆਂ ਮੁਸ਼ਕਲਾਂ ਦਾ ਮੌਕੇ ’ਤੇ ਹੀ ਨਿਬੇੜਾ ਵੀ ਕੀਤਾ। ‘ਤੁਹਾਡਾ ਐਮ.ਐਲ.ਏ. ਤੁਹਾਡੇ ਵਿਚਕਾਰ’ ਦੇ ਬੈਨਰ ਹੇਠਾਂ ਸ਼ੁਰੂ ਕੀਤੇ ਇਸ ਪ੍ਰੋਗਰਾਮ ਤਹਿਤ ਇਨ੍ਹੀਂ ਦਿਨੀਂ ਉਹ ਆਪਣੇ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਏਡੀਸੀ ਨਵਰੀਤ ਕੌਰ ਸੇਖੋਂ ਤੇ ਐੱਸਡੀਐੱਮ ਅਰਵਿੰਦ ਕੁਮਾਰ ਸਣੇ ਸਮੂਹ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਪਟਿਆਲਾ ਨੇੜਲੇ ਮੰਡੌੜ, ਹਿਰਦਾਪੁਰ, ਬਖ਼ਸ਼ੀਵਾਲਾ, ਸਿੱਧੂਵਾਲ, ਜੱਸੋਵਾਲ, ਸਿਊਣਾ, ਲੰਗ ਤੇ ਚਲੈਲਾ ਪਿੰਡਾਂ ਦਾ ਦੌਰਾ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦੇ ਹਲਕੇ ’ਚ ਸਰਬਸੰਮਤੀ ਨਾਲ ਚੁਣੀ ਜਾਣ ਵਾਲ਼ੀ ਪੰਚਾਇਤ ਨੂੰ ਉਹ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਪੰਜ ਲੱਖ ਦੇਣਗੇ ਜਦੋਂਕਿ ਸਰਕਾਰ ਪੰਜ ਲੱਖ ਦੇਣ ਸਣੇ ਸਟੇਡੀਅਮ ਜਾਂ ਸਕੂਲ ਜਾਂ ਹਸਪਤਾਲ ਵੀ ਦਿੱਤਾ ਦੇਵੇਗੀ।
ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਦੇ ਤਕਰੀਬਨ ਹਰੇਕ ਪਿੰਡ ਵਿੱਚ ਵਿਕਾਸ ਕਾਰਜ ਜਾਰੀ ਹਨ। ਪਿੰਡਾਂ ਨੂੰ ਕੂੜਾ ਮੁਕਤ ਕਰਨ ਲਈ ਇੱਥੇ ਠੋਸ ਤੇ ਤਰਲ ਕੂੜਾ ਪ੍ਰਬੰਧਨ ਲਈ ਛੋਟੇ-ਛੋਟੇ ਪਲਾਂਟ ਲਗਾਏ ਜਾ ਰਹੇ ਹਨ।
ਇਸੇ ਦੌਰਾਨ ਮੰਤਰੀ ਨੇ ਪਿੰਡ ਹਿਰਦਾਪੁਰ ਵਿਖੇ ਕੰਮ ਕਰਦੇ ਮਗਨਰੇਗਾ ਕਾਮਿਆਂ ਕੋਲ ਰੁਕ ਕੇ ਉਨ੍ਹਾਂ ਦੇ ਕੋਲ਼ ਭੁੰਜੇ ਬੈਠ ਕੇ ਮੁਸ਼ਕਲਾਂ ਸੁਣੀਆਂ। ਉਨ੍ਹਾਂ ਦੀ ਮੰਗ ’ਤੇ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਗਨਰੇਗ ਵਰਕਰਾਂ ਨੂੰ ਲਗਾਤਾਰ ਕੰਮ ਦੇਣਾ ਯਕੀਨੀ ਬਣਾਉਣ। ਇਸ ਮੌਕੇ ਐਡਵੋਕੇਟ ਰਾਹੁਲ ਸੈਣੀ, ਕਰਨਲ ਜੇਵੀ ਸਿੰਘ, ਪ੍ਰਿੰਸੀਪਲ ਜੇਪੀ ਸਿੰਘ, ਬੀਡੀਪੀਓ ਬਲਜੀਤ ਸੋਹੀ, ਜੈ ਸ਼ੰਕਰ ਸ਼ਰਮਾ, ਹਰਪਾਲ ਵਿਰਕ, ਸਤਗੁਰ ਸਿੰਘ ਤੇ ਡੀਸੀ ਖਰੌੜ ਆਦਿ ਵੀ ਮੌਜੂਦ ਸਨ।