ਪੱਤਰ ਪ੍ਰੇਰਕ
ਘਨੌਰ, 26 ਜੁਲਾਈ
ਚਾਰ ਦਹਾਕੇ ਪਹਿਲਾਂ ਐੱਸ.ਵਾਈ.ਐੱਲ ਦੇ ਮੁੱਦੇ ਨੂੰ ਲੈ ਕੇ ਚਰਚਿਤ ਰਿਹਾ ਪਿੰਡ ਕਪੂਰੀ (ਮੋਰਚੇ ਵਾਲੀ) ਦੀ ਮਿਨੀ ਪੀ.ਐੱਚ.ਸੀ ਵਿੱਚ ਡਾਕਟਰ ਅਤੇ ਫਰਮਾਸਿਸਟ ਦੀ ਅਣਹੋਂਦ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਣ ਦਰਜਾ ਚਾਰ ਕਰਮਚਾਰੀ ਹੀ ਮਿਨੀ ਪੀ.ਐੱਚ.ਸੀ ਨੂੰ ਚਲਾ ਰਿਹਾ ਹੈ। ਹਲਕਾ ਘਨੌਰ ਦੇ ਪਿੰਡ ਮਾਰੀਆ, ਹਰਪਾਲਾਂ, ਸੌਂਟਾ, ਝਾੜਵਾ, ਨਰੈਣਗੜ੍ਹ, ਰਾਮਪੁਰ ਅਤੇ ਕਪੂਰੀ ਸਮੇਤ ਇੱਕ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਪਿੰਡ ਕਪੂਰੀ ਦੀ ਮਿਨੀ ਪੀ.ਐੱਚ.ਸੀ ਵਿੱਚ ਕੋਈ ਡਾਕਟਰ ਤੇ ਫਰਮਾਸਿਸਟ ਨਹੀਂ। ਇਥੇ ਤਾਇਨਾਤ ਡਾਕਟਰ ਅਕਸ਼ੈ ਕੁਮਾਰ ਸੈਂਟਰ ਜੇਲ੍ਹ ਪਟਿਆਲਾ ’ਚ ਡੈਪੂਟੇਸ਼ਨ ’ਤੇ ਚਲੇ ਗਏ ਹਨ ਤੇ ਫਰਮਾਸਿਸਟ ਸਿਮਰਨਜੀਤ ਕੌਰ ਵੀ ਹਫਤੇ ਵਿੱਚ ਕੇਵਲ ਦੋ ਦਿਨ ਇਥੇ ਆਉਂਦੇ ਹਨ। ਸਫ਼ਾਈ ਸੇਵਕ ਹਫਤੇ ਵਿੱਚ ਕੇਵਲ ਤਿੰਨ ਦਿਨ ਆਉਂਦਾ ਹੈ। ਹੁਣ ਸਟਾਫ ਦੀ ਅਣਹੋਂਦ ਕਾਰਨ ਦਰਜਾ ਚਾਰ ਕਰਮਚਾਰੀ ਮੰਗਤ ਰਾਮ ਹੀ ਇਸ ਮਿਨੀ ਪੀ.ਐੱਚ.ਸੀ ਨੂੰ ਚਲਾ ਰਿਹਾ ਹੈ। ਸਿਹਤ ਕੇਂਦਰ ਵਿੱਚ ਸਟਾਫ ਦੀ ਘਾਟ ਕਾਰਨ ਨੇੜਲੇ ਪਿੰਡਾਂ ਤੋਂ ਰੋਜ਼ਾਨਾ ਦਵਾਈ ਲੈਣ ਆਉਂਦੇ ਵੱਡੀ ਗਿਣਤੀ ਲੋਕਾਂ ਨੂੰ ਖੱਜਲ ਖੁਆਰ ਹੋ ਕੇ ਖਾਲੀ ਹੱਥ ਘਰਾਂ ਨੂੰ ਪਰਤਣਾ ਪੈਂਦਾ ਹੈ ਜਾਂ ਫਿਰ ਦੂਰ ਦੇ ਸ਼ਹਿਰਾਂ ਵਿੱਚ ਦਵਾਈ ਲੈਣ ਲਈ ਜਾਣਾ ਪੈ ਰਿਹਾ ਹੈ। ਪਿੰਡ ਦੇ ਵਸਨੀਕ ਸਾਬਕਾ ਸਰਪੰਚ ਅਮਰ ਸਿੰਘ, ਭੁਪਿੰਦਰ ਸਿੰਘ, ਨੰਬਰਦਾਰ ਬਲਵੀਰ ਸਿੰਘ, ਗੁਰਮੀਤ ਸਿੰਘ ਅਤੇ ਮਨਜੀਤ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਿਹਤ ਕੇਂਦਰ ਵਿੱਚ ਡਾਕਟਰ ਤੇ ਹੋਰ ਸਟਾਫ ਭੇਜਿਆ ਜਾਵੇ ਜਾਂ ਫਿਰ ਇਸ ਨੂੰ ਤਾਲਾ ਲਗਾ ਦਿੱਤਾ ਜਾਵੇ। ਇਸ ਸਬੰਧੀ ਸੰਪਰਕ ਕਰਨ ’ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ ਦਾ ਕਹਿਣਾ ਹੈ ਕਿ ਕਪੂਰੀ ਮਿਨੀ ਪੀ.ਐੱਚ.ਸੀ ਵਿੱਚ ਜਲਦੀ ਸਟਾਫ ਭੇਜ ਦਿੱਤਾ ਜਾਵੇਗਾ।