ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਜੁਲਾਈ
ਮੁਢਲਾ ਸਿਹਤ ਕੇਂਦਰ ਕੌਲੀ ਵੱਲੋਂ ਕਰੋਨਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਦਿਆਂ, ‘ਦੋ ਗਜ਼ ਦੀ ਦੂਰੀ ਸਭ ਦੇ ਲਈ ਜਰੂਰੀ’ ਥੀਮ ਹੇਠ ਮਿਸ਼ਨ ਫਤਿਹ ਤਹਿਤ ਪੋਸਟਰ ਫੜ ਕੇ ਜਾਗਰੂਕਤਾ ਮੁਹਿੰਮ ਤਹਿਤ ਗਤੀਵਿਧੀਆਂ ਕੀਤੀਆਂ ਗਈਆਂ। ਬੁਲਾਰੇ ਨੇ ਦੱਸਿਆ ਕਿ ਇਸ ਵਿਸ਼ੇ ਨੂੰ ਆਧਾਰ ਬਣਾ ਕੇ ਸਿਹਤ ਮੁਲਾਜ਼ਮਾਂ ਦੀਆਂ ਟੀਮਾਂ ਨੇ ਕਰੋਨਾ ਮਾਹਾਮਾਰੀ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ, ਹੋਰ ਗਤੀਵਿਧੀਆਂ ਸਮੇਤ ਮਿਸ਼ਨ ਫਤਿਹ ਪੋਸਟਰ ਵੀ ਜਾਰੀ ਕੀਤਾ ਗਿਆ।
ਅੱਜ ਦੀ ਇਸ ਮੁਹਿੰਮ ਤਹਿਤ ਟੀਮਾਂ ਵੱਲੋਂ ਭੀੜ-ਭੜੱਕੇ ਵਾਲੀਆਂ ਥਾਂਵਾਂ, ਪਿੰਡਾਂ ਦੇ ਚੌਕਾਂ ਅਤੇ ਦੁਕਾਨਾਂ ’ਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆਂ, ਕਰੋਨਾਂ ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾ ਕੇ ਰੱਖਣ, ਇਕੱਠ ਨਾ ਕਰਨ ਅਤੇ ਮਾਸਕ ਪਹਿਨਣ ਸਮੇਤ ਸੈਨੇਟਾਈਜ਼ਰ ਸਣੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਇਸ ਮੁਹਿੰਮ ਤਹਿਤ ਸਿਹਤ ਕੇਂਦਰ ਹਸਨਪੁਰ ’ਚ ਮੈਡੀਕਲ ਅਫਸਰ ਡਾ: ਸੰਦੀਪ ਕੌਰ, ਸਿਹਤ ਕੇਂਦਰ ਕੱਲਰਭੈਣੀ ’ਚ ਡਾ: ਸੰਜੀਵ ਗਰਗ ਅਤੇ ਮਿੰਨੀ ਪੀ.ਐਚ.ਸੀ ਕਲਿਆਣਾ ’ਚ ਮੈਡੀਕਲ ਅਫਸਰ ਡਾਕਟਰ ਜਸਵਿੰਦਰ ਕੌਰ ਸਮੇਤ ਵੱਖ-ਵੱਖ ਸਿਹਤ ਤੰਦਰੁਸਤ ਕੇਂਦਰਾਂ ਅਤੇ ਸਬ-ਸੈਂਟਰਾਂ ’ਚ ਮਿਸ਼ਨ ਫਤਹਿ ਤਹਿਤ ਗਤੀਵਿਧੀਆਂ ਕੀਤੀਆਂ ਗਈਆਂ।
ਇਸੇ ਤਰ੍ਹਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਵਰਤੀਆਂ ਜਾਣ ਵਾਲ਼ੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ। ਜਿਸ ਦੌਰਾਨ ਕੋਵਾ ਐਪ ਡਾਊਨਲੋਡ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆ ਕਿ ਅੱਜ ਜ਼ਿਲੇ੍ਹ ਦੇ ਸਮੂਹ ਸਿਹਤ ਸੰਸਥਾਵਾਂ ਦੇ ਸਟਾਫ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਕੋਵਿਡ ਸਬੰਧੀ ਜਾਣਕਾਰੀ ਦਿੱਤੀ।
ਦੇਵੀਗੜ੍ਹ(ਪੱਤਰ ਪ੍ਰੇਰਕ): ਇਥੇ ‘ਮਿਸ਼ਨ ਫਤਿਹ’ ਤਹਿਤ ਸਿਵਲ ਸਰਜਨ ਪਟਿਆਲਾ ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਕਿਰਨ ਵਰਮਾ ਸੀਨੀਅਰ ਮੈਡੀਕਲ ਅਫਸਰ ਦੁੱਧਨਸਾਧਾਂ ਦੀ ਅਗਵਾਈ ਹੇਠ ਘਰ-ਘਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਡਾ. ਕਿਰਨ ਵਰਮਾ ਐੱਸ. ਐੱਮ.ਓ. ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਜੜੋਂ ਖਤਮ ਕਰਕੇ ਇਸ ਉੱਤੇ ਫਤਿਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੇ ਸਰਕਾਰੀ ਪ੍ਰਾਇਮਰੀ ਸਕੂਲ ਖਾਈ ਦੀ ਹੈੱਡ ਟੀਚਰ ਰਮਨਜੀਤ ਐਮਏਬੀਐੱਡ ਤੇ ਅਧਿਆਪਕ ਰੀਤੂ ਬਾਲਾ ਨੇ ਕਰੋਨਾ ਮਹਾਮਾਰੀ ਤੋਂ ਬਚਾਅ ਅਤੇ ਬੱਚਿਆਂ ਨੂੰ ਸਰਕਾਰੀ ਸਕੂਲ ’ਚ ਦਾਖ਼ਲ ਕਰਵਾਉਣ ਲਈ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਵੱਖ-ਵੱਖ ਟੀਮਾਂ ਬਣਾ ਕੇ ਲੋਕਾਂ ਨੂੰ ਮਾਸਕ ਪਾ ਕੇ ਬਾਹਰ ਨਿਕਲਣ, ਸਾਬਣ ਤੇ ਸੈਨੇਟਾਈਜ਼ਰ ਨਾਲ਼ ਹਰ ਵਾਰ ਹੱਥ ਧੋਣ, ਭੀੜ ਵਾਲੀਆਂ ਥਾਵਾਂ ਤੇ ਨਾ ਜਾਣ , ਅਤੇ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਆਨਲਾਈਨ ਪੜ੍ਹਾਈ ਬਾਰੇ ਜਾਗਰੂਕ ਕੀਤਾ।
ਸੰਦੌੜ(ਮੁਕੰਦ ਸਿੰਘ ਚੀਮਾ): ਇਥੇ ਅੱਜ ਮੁੱਢਲਾ ਸਿਹਤ ਕੇਂਦਰ ਫਤਹਿਗੜ੍ਹ ਪੰਜਗਰਾਈਆਂ ਦੇ ਐੱਸਐੱਮਓ ਗੀਤਾ ਦੀ ਅਗਵਾਈ ਹੇਠ ਨਰੇਗਾ ਕਾਮਿਆਂ ਨੂੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਸਿਹਤ ਕਰਮਚਾਰੀ ਰਾਜੇਸ਼ ਰਿਖੀ ਨੇ ਕਿਹਾ ਕੇ ਸਭ ਨੂੰ ਸਿਹਤ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਲਈ ਦੱਸੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਸੁਨਾਮ ਊਧਮ ਸਿੰਘ ਵਾਲਾ(ਬੀਰ ਇੰਦਰ ਸਿੰਘ ਬਨਭੌਰੀ): ਇਥੇ ਕੋਵਿਡ-19 ਦੀ ਰੋਕਥਾਮ ਲਈ ਚੱਲੀ ਸਰਕਾਰੀ ਮੁਹਿੰਮ ਮਿਸ਼ਨ ਫਤਹਿ ਤਹਿਤ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਛਾਜਲੀ ਦੇ ਸਟਾਫ ਵੱਲੋਂ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਦੇ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਓ ਦੇ ਨੁਕਤੇ ਦੱਸੇ ਗਏ।
ਆਸ਼ਾ ਵਰਕਰਾਂ ਵੱਲੋਂ ਘਰ-ਘਰ ਨਿਗਰਾਨੀ ਸਰਵੇਖਣ
ਸੰਗਰੂਰ(ਗੁਰਦੀਪ ਸਿੰਘ ਲਾਲੀ): ਕਰੋਨਾਵਾਇਰਸ ਊੱਤੇ ਫਤਹਿ ਪਾਉਣ ਲਈ ਮਿਸ਼ਨ ਫਤਿਹ ਤਹਿਤ ਇੱਥੇ ਸਿਹਤ ਵਿਭਾਗ ਵੱਲੋਂ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਕਰੋਨਾਵਾਇਰਸ ਦੇ ਬਚਾਅ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਜਿੱਥੇ ਆਨਲਾਈਨ ਸਰਵੇ ਕੀਤਾ ਜਾ ਰਿਹਾ ਹੈ,ਉੱਥੇ ਖੰਘ-ਜ਼ੁਕਾਮ ਵਾਲੇ ਮਰੀਜਾਂ ਦੀ ਸ਼ਨਾਖਤ ਕਰਕੇ ਓਨਾਂ ਦੀ ਸੈਂਪਲਿੰਗ ਵੀ ਕਰਵਾਈ ਜਾ ਰਹੀ ਹੈ। ਡਾ ਜੀਬੀ ਸਿੰਘ ਸਿਵਲ ਸਰਜਨ ਸੰਗਰੂਰ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ’ਤੇ ਆਉਂਦੇ ਲੋਕਾਂ ਨੂੰ ਓਪੀਡੀ ਸਲਿੱਪ ਤੇ ਮੋਹਰ ਲਗਾ ਕੇ ਮਿਸ਼ਨ ਫਤਿਹ ਸਬੰਧੀ ਜਾਣਕਾਰੀ ਦੇਣ ਦੇ ਨਾਲ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਕਰੋਨਾਵਾਇਰਸ ਦੇ ਲੱਛਣਾਂ ਅਤੇ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾ ਕੇ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਆਨਲਾਈਨ ਸਰਵੇ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ 6,25,648 ਲੋਕਾਂ ਦੇ ਘਰ-ਘਰ ਨਿਗਰਾਨੀ ਤਹਿਤ ਆਨਲਾਈਨ ਸਰਵੇ ਹੋ ਚੁੱਕਾ ਹੈ। ਇਸ ਸਰਵੇ ਦੌਰਾਨ ਹੁਣ ਤੱਕ ਤਕਰੀਬਨ 220 ਵਿਅਕਤੀ ਸ਼ੱਕੀ ਪਾਏ ਗਏ ਹਨ ਜਿਨ੍ਹਾਂ ਦਾ ਸਬੰਧਿਤ ਸੀਨੀਅਰ ਮੈਡੀਕਲ ਅਫਸਰ ਵੱਲੋਂ ਸੈਂਪਲਿੰਗ ਕਰਵਾਈ ਜਾ ਰਹੀ ਹੈ।