ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 6 ਜਨਵਰੀ
ਇੱਥੋਂ ਦੇ ਟਾਹਲੀ ਵਾਲਾ ਚੌਕ ’ਚ ਬਲਾਕ ਕਾਂਗਰਸ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਰਵਨੀਤ ਸਿੰਘ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸ਼ਹਿਰੀ ਖੇਤਰ ’ਚੋਂ ਲੰਘਦੀ ਰਾਜਪੁਰਾ-ਪਟਿਆਲਾ ਰੋਡ ਨੂੰ ਦੁਰਗਾ ਮੰਦਰ ਚੌਕ ਤੋਂ ਰੇਲਵੇ ਫਲਾਈਓਵਰ ਤੱਕ ਇੱਕ ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਦੋਵੇਂ ਪਾਸੇ 8-8 ਫੁੱਟ ਚੌੜਾ ਕਰਨ ਦੇ ਨਵੀਨੀਕਰਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੰਬੋਜ ਨੇ ਕਿਹਾ ਕਿ ਸ਼ਹਿਰੀ ਖੇਤਰ ’ਚੋਂ ਲੰਘਦੀ ਇਸ ਸੜਕ ’ਤੇ ਵਾਹਨਾਂ ਦੇ ਆਵਾਜਾਈ ਦੀ ਬਹੁਤਾਤ ਅਤੇ ਭੀੜ ਭੜੱਕਾ ਹੋਣ ਕਾਰਨ ਵਾਹਨ ਚਾਲਕਾਂ ਅਤੇ ਆਮ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਨਵੀਨੀਕਰਨ ਇਸ ਸਾਲ 31 ਮਾਰਚ ਤੱਕ ਮੁਕੰਮਲ ਹੋ ਜਾਵੇਗਾ। ਇਸ ਮੌਕੇ ਵਿਨੈ ਨਿਰੰਕਾਰੀ, ਜਸਵਿੰਦਰ ਸਿੰਘ ਆਹਲੂਵਾਲੀਆ, ਐਡਵੋਕੇਟ ਅਭਿਨਵ ਪਵਨ ਕੁਮਾਰ ਪਿੰਕਾ, ਅਨਿਲ ਟੰਨੀ ਸਮੇਤ ਹੋਰ ਆਗੂ ਅਤੇ ਅਧਿਕਾਰੀ ਮੌਜੂਦ ਸਨ।