ਬੇਰੁਜ਼ਗਾਰ ਅਧਿਆਪਕ ਦਾ ਹਾਲ ਚਾਲ ਜਣਿਆ, ਹੌਸਲਾ ਦਿੱਤਾ;
ਜੇਕਰ ਘਰ-ਘਰ ਨੌਕਰੀ ਦਾ ਵਾਅਦਾ ਪੂਰਾ ਹੁੰਦਾ, ਤਾਂ ਬੇਰੁਜ਼ਗਾਰਾਂ ਨੂੰ ਟੈਂਕੀਆਂ ’ਤੇ ਚੜ੍ਹਨ ਲਈ ਮਜ਼ਬੂਰ ਨਾ ਹੋਣਾ ਪੈਂਦਾ –ਹੇਅਰ
ਸੰਗਰੂਰ ’ਚ 64 ਦਿਨਾਂ ਤੋਂ ਟੈਂਕੀ ’ਤੇ ਚੜ੍ਹਿਆ ਹੈ ਟੈਟ ਪਾਸ ਬੇਰੁਜ਼ਗਾਰ ਬੀ.ਐਡ. ਅਧਿਆਪਕ
ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਅਕਤੂਬਰ
ਰੁਜ਼ਗਾਰ ਦੀ ਮੰਗ ਲਈ ਪਿਛਲੇ ਕਰੀਬ 64 ਦਿਨਾਂ ਤੋਂ ਇੱਥੇ ਕਰੀਬ ਸੌ ਫੁੱਟ ਉਚੀ ਟੈਂਕੀ ’ਤੇ ਚੜ੍ਹੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਦੀ ਸਾਰ ਲੈਣ ਲਈ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਪ੍ਰਧਾਨ ਤੇ ਹਲਕਾ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਤੌਰ ’ਤੇ ਪੁੱਜੇ ਜਿਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਟੈਂਕੀ ਉਪਰ ਚੜ੍ਹ ਕੇ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ ਦੀ ਸਿਹਤ ਦਾ ਹਾਲ-ਚਾਲ ਜਾਣਿਆ। ਮੀਤ ਹੇਅਰ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੁਨੀਸ਼ ਫਾਜ਼ਿਲਕਾ ਨੂੰ ਹੌਸਲਾ ਦਿੱਤਾ।
ਇਸ ਮਗਰੋਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਟੈੱਟ ਪਾਸ ਬੇਰੁਜ਼ਗਾਰ ਬੀ.ਐਡ. ਅਧਿਆਪਕ ਮੁਨੀਸ਼ ਫਾਜ਼ਿਲਕਾ ਇੱਥੇ ਸਿਵਲ ਹਸਪਤਾਲ ਕੰਪਲੈਕਸ ਵਿੱਚ ਸੌ ਫੁੱਟ ਉਚੀ ਪਾਣੀ ਦੀ ਟੈਂਕੀ ’ਤੇ ਬੈਠਾ ਹੈ ਪਰ ਪੰਜਾਬ ਸਰਕਾਰ ਵੱਲੋਂ ਇਸ ਨੌਜਵਾਨ ਦੀ ਕੋਈ ਸਾਰ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਮੁਨੀਸ਼ ਨੂੰ ਟੈਂਕੀ ਉੱਪਰ ਕਈ ਤਰ੍ਹਾਂ ਦੀਆਂ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਉਸਦੇ ਹੌਸਲੇ ਬੁਲੰਦ ਹਨ ਅਤੇ ਉਹ ਲਗਾਤਾਰ ਸੰਘਰਸ਼ ’ਤੇ ਡਟਿਆ ਹੋਇਆ ਹੈ।
ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਮੌਕੇ ਘਰ-ਘਰ ਨੌਕਰੀ ਦਾ ਕੀਤਾ ਵਾਅਦਾ ਪੂਰਾ ਕੀਤਾ ਹੁੰਦਾ ਤਾਂ ਮੁਨੀਸ਼ ਫਾਜ਼ਿਲਕਾ ਵਰਗੇ ਉਚ ਯੋਗਤਾ ਬੇਰੁਜ਼ਗਾਰਾਂ ਨੂੰ ਟੈਂਕੀਆਂ ’ਤੇ ਚੜ੍ਹਨ ਲਈ ਮਜਬੂਰ ਨਾ ਹੋਣਾ ਪੈਂਦਾ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਦਰ-ਦਰ ਠੋਕਰਾਂ ਸਾਬਤ ਹੋ ਰਿਹਾ ਹੈ। ਸੂਬੇ ਦਾ ਬੇਰੁਜ਼ਗਾਰ ਅਧਿਆਪਕ ਸੜਕਾਂ ਉਪਰ ਰੁਲ ਰਿਹਾ ਹੈ ਜਿਸ ਤੋਂ ਸਰਕਾਰ ਦੇ ਕਿਰਦਾਰ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ‘ਆਪ ’ ਦੀ ਸਰਕਾਰ ਬਣਨ ’ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਬਣਦਾ ਮਾਣ-ਸਨਮਾਨ ਮਿਲੇਗਾ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ ਵਿਚ ਸਾਥ ਦੇਣ ਦਾ ਸੱਦਾ ਦਿੱਤਾ ਗਿਆ। ਮੀਤ ਹੇਅਰ ਨਾਲ ਪੁੱਜੇ ਹਲਕਾ ਜਲਾਲਾਬਾਦ ਤੋਂ ‘ਆਪ’ ਆਗੂ ਗੋਲਡੀ ਕੰਬੋਜ਼ ਨੇ ਆਪਣੇ ਹਲਕੇ ਦੇ ਨੌਜਵਾਨ ਮੁਨੀਸ਼ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ, ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਆਗੂ ਮਲਿਕਪ੍ਰੀਤ ਕੌਰ, ਗੁਰਪ੍ਰੀਤ ਕੌਰ, ਹਰਦੀਪ ਕੌਰ, ਕਿਰਨ ਈਸੜਾ, ਹਰਪ੍ਰੀਤ ਸੰਗਰੂਰ, ਸੁਨੀਲ ਫਾਜ਼ਿਲਕਾ, ਦਵਿੰਦਰ ਫਾਜ਼ਿਲਕਾ, ਗੁਰਵੀਰ ਮੰਗਵਾਲ, ਹਰਮੇਸ਼ ਥਲੇਸਾਂ, ਸੰਦੀਪ, ਸੁਖਵੀਰ ਤੇ ਹਰਪ੍ਰੀਤ ਫਿਰੋਜ਼ਪੁਰ ਆਦਿ ਮੌਜੂਦ ਸਨ।
ਸੰਗਰੂਰ ’ਚ 64 ਦਿਨਾਂ ਤੋਂ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਦਾ ਹਾਲ ਚਾਲ ਜਾਣ ਕੇ ਸਾਥੀਆਂ ਸਮੇਤ ਹੇਠਾਂ ਉਤਰਦੇ ਹੋਏ ਵਿਧਾਇਕ ਮੀਤ ਹੇਅਰ। ਫੋਟੋ: ਲਾਲੀ।