ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 16 ਜੁਲਾਈ
ਹਲਕਾ ਸਨੌਰ ਵਿੱਚ ਸਿਹਤ ਸਹੂਲਤਾਂ ਵਧਾਉਣ ਅਤੇ ਦੂਧਨਸਾਧਾਂ ਹਸਪਤਾਲ ਨੂੰ ਸਿਵਲ ਹਸਪਤਾਲ ਵਜੋਂ ਅਪਗਰੇਡ ਕਰਨ ਲਈ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਮੁਲਾਕਾਤ ਕੀਤੀ ਅਤੇ ਹਲਕੇ ਦੀਆਂ ਹੋਰ ਡਿਸਪੈਂਸਰੀਆਂ ਦੇ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਇਆ। ਪਠਾਣਮਾਜਰਾ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਹਲਕਾ ਸਨੌਰ ਅਧੀਨ ਦੂਧਨਸਾਧਾਂ ਜੋ ਅਜੇ ਤੱਕ ਕਮਿਊਨਿਟੀ ਹੈਲਥ ਸੈਂਟਰ ਹੀ ਹੈ ਜਦੋਂ ਕਿ ਦੂਧਨਸਾਧਾਂ ਹੁਣ ਸਬ ਡਿਵੀਜ਼ਨ ਬਣ ਗਈ ਹੈ। ਇਸ ਲਈ ਇਸ ਨੂੰ ਸਿਵਲ ਹਸਪਤਾਲ ਬਣਾ ਕੇ ਇੱਥੇ ਬਾਕੀ ਰਹਿੰਦੀਆਂ ਸਿਹਤ ਸਹੂਲਤਾਂ ਵੀ ਦਿੱਤੀਆਂ ਜਾਣ। ਸਿਹਤ ਮੰਤਰੀ ਨੇ ਕਿਹਾ ਕਿ 15 ਅਗਸਤ ਤੋਂ ਪੰਜਾਬ ਵਿੱਚ ਮੁਹੱਲਾ ਕਲੀਨਿਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦਾ ਗਰੀਬ ਵਰਗ ਨੂੰ ਵੱਡਾ ਲਾਭ ਪੁਜੇਗਾ। ਇਸ ਤੋਂ ਇਲਾਵਾ ਸੀ.ਐੱਚ.ਸੀ. ਦੂਧਨਸਾਧਾਂ ਨੂੰ ਸਿਵਲ ਹਸਪਤਾਲ ਬਣਾ ਕੇ ਇਥੇ ਬਾਕੀ ਰਹਿੰਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵੀ ਜਲਦ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਡਾ. ਗਬਰਮੀਤ ਬਿੱਟੂ ਉਪ ਚੇਅਰਮੈਨ, ਬਲਿਹਾਰ ਸਿੰਘ ਚੀਮਾ, ਨਰਿੰਦਰ ਦਲਾਨਪੁਰ, ਹਰਦੇਵ ਸਿੰਘ ਘੜਾਮ, ਜਰਨੈਲ ਸਿੰਘ ਅਲੀਪੁਰ, ਦਵਿੰਦਰ ਸਿੰਘ ਮਾੜੂ, ਜੋਗਿੰਦਰ ਸਿੰਘ ਵਿਰਕ ਪ੍ਰਧਾਨ ਅਤੇ ਸਿਮਰਜੀਤ ਸਿੰਘ ਸੋਹਲ ਆਦਿ ਮੌਜੂਦ ਸਨ।
ਰਾਜਿੰਦਰਾ ਹਸਪਤਾਲ ਦੇ ਮੁਲਾਜ਼ਮਾਂ ਨੇ ਸਿਹਤ ਮੰਤਰੀ ਨੂੰ ਮੰਗ ਪੱਤਰ ਸੌਂਪਿਆ
ਪਟਿਆਲਾ (ਸਰਬਜੀਤ ਸਿੰਘ ਭੰਗੂ): ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਗੌਰਮਿੰਟ ਮੈਡੀਕਲ ਕਾਲਜ ਦੇ ਕਰਮਚਾਰੀਆਂ ਦੀ ‘ਸਾਂਝੀ ਐਕਸ਼ਨ ਕਮੇਟੀ’ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਅਤੇ ਚੇਅਰਮੈਨ ਰਾਮ ਕਿਸ਼ਨ ਨੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਲੰਬਿਤ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ ਗਿਆ। ਪ੍ਰਧਾਨ ਸਵਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੰਗਾਂ ’ਚ ਕੰਟਰੈਕਟ, ਆਊਟਸੋਰਸ ਅਤੇ ਮਲਟੀਟਾਸਕ ਵਰਕਰਾਂ ਨੂੰ ਰੈਗੂਲਰ ਕਰਨ, ਖਤਮ ਕੀਤੀਆਂ ਆਸਾਮੀਆਂ ਦੀ ਬਹਾਲੀ, ਮ੍ਰਿਤਕ ਕਰਮਚਾਰੀਆਂ ਦੇ ਤਰਸ ਆਧਾਰਿਤ ਕੇਸਾਂ ਦਾ ਨਬਿੇੜਾ ਅਤੇ ਦਰਜਾ ਚਾਰ ਤੋਂ ਕਲਰਕ ਤੇ ਲੈਬ ਅਟੈਂਡੈਂਟ ਤਰੱਕੀ ਕਰਨਾ ਆਦਿ ਮੰਗਾਂ ਸ਼ਾਮਲ ਰਹੀਆਂ। ਮੰਤਰੀ ਤੋਂ ਮੀਟਿੰਗ ਲਈ ਸਮੇਂ ਦੀ ਮੰਗ ਵੀ ਕੀਤੀ ਗਈ, ਤਾਂ ਜੋ ਅਧਿਕਾਰੀਆਂ ਦੀ ਹਾਜ਼ਰੀ ’ਚ ਗੱਲਬਾਤ ਰਾਹੀਂ ਮੰਗਾਂ ਦਾ ਨਬਿੇੜਾ ਕੀਤਾ ਜਾ ਸਕੇ। ਮੁਲਾਜ਼ਮ ਆਗੂ ਕਾਕਾ ਸਿੰਘ ਪਹਾੜੀਪੁਰ ਨੇ ਦੱਸਿਆ ਕਿ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ‘ਆਪ’ ਸਰਕਾਰ ਦਾ ਮੁੱਖ ਮਨੋਰਥ ਲੋਕ ਮਸਲੇ ਹੱਲ ਕਰਨਾ ਹੈ। ਇਸ ਮੌਕੇ ਕਾਕਾ ਸਿੰਘ ਪਹਾੜੀਪੁਰ, ਅਜੈ ਕੁਮਾਰ, ਸੀਪਾ, ਅਮਨ ਕੁਮਾਰ, ਅਰੁਣ ਕੁਮਾਰ,ਹਰਸ਼ਦੀਪ ਸਿੰਘ ਅਤੇ ਅਸ਼ਵਨੀ ਕੁਮਾਰ ਵੀ ਮੌਜੂਦ ਸਨ।
ਹਸਪਤਾਲਾਂ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ: ਜੌੜੇਮਾਜਰਾ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ ਬਾਰੇ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਹਸਪਤਾਲਾਂ ’ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਵੇਗਾ। ਜੇਕਰ ਕੋਈ ਡਾਕਟਰ ਹਸਪਤਾਲ ਤੋਂ ਬਾਹਰ ਪ੍ਰੈਕਟਿਸ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਜੌੜਾਮਾਜਰਾ ਅੱਜ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਵਿੱਚ ਸੀਨੀਅਰ ਆਗੂ ਸੰਦੀਪ ਬੰਧੂ ਦੀ ਅਗਵਾਈ ਵਿੱਚ ਰੱਖੇ ਗਏ ਉਨ੍ਹਾਂ ਦੇ ਸਨਮਾਨ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਵਿਸ਼ੇਸ਼ ਤੌਰ ਦੇ ਕਰਨ ਦਾ ਸੋਚ ਰਹੀ ਹੈ ਕਿ ਡਾਕਟਰ ਦਵਾਈ ਦਾ ‘ਸਾਲਟ’ ਲਿਖਣ ਨਾ ਕਿ ਕਿਸੇ ਕੰਪਨੀ ਦੀ ਦਵਾਈ ਦਾ ਨਾਮ ਲਿਖਿਆ ਜਾਵੇ। ਜੌੜਾਮਾਜਰਾ ਨੇ ਕਿਹਾ,‘ਡਾਕਟਰ ਸਾਡੇ ਸਮਾਜ ਦੀ ਸਨਮਾਨਯੋਗ ਹਸਤੀ ਹੈ, ਜਿਸ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਹੈ ਪਰ ਡਾਕਟਰਾਂ ਨੂੰ ਵੀ ਸੋਚਣਾ ਹੋਵੇਗਾ ਕਿ ਸਮਾਜ ਦਾ ਭਲਾ ਕਿਵੇਂ ਕੀਤਾ ਜਾਵੇ, ਸਾਡੇ ਕੋਲ ਰਿਪੋਰਟਾਂ ਆ ਰਹੀਆਂ ਹਨ ਕਿ ਕੁਝ ਡਾਕਟਰ ਆਪਣੇ ਕਿੱਤੇ ਵਿੱਚ ਗ਼ਲਤੀਆਂ ਕਰਕੇ ਬਾਕੀ ਡਾਕਟਰਾਂ ਨੂੰ ਵੀ ਬਦਨਾਮ ਕਰਦੇ ਹਨ।’ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬਾ ਨਿਵਾਸੀਆਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।