ਨਿੱਜੀ ਪੱਤਰ ਪ੍ਰੇਰਕ
ਨਾਭਾ, 18 ਜੁਲਾਈ
ਜੇਲ੍ਹ ਪ੍ਰਸ਼ਾਸਨ ਨੇ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋ ਪੰਜ ਮੋਬਾਈਲ ਬਰਾਮਦ ਕੀਤੇ। ਇਨ੍ਹਾਂ ਵਿੱਚੋ ਇਕ ਮੋਬਾਈਲ ਗੈਂਗਸਟਰ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਕੋਲੋਂ ਬਰਾਮਦ ਹੋਇਆ। ਦੱਸਣਯੋਗ ਹੈ ਕਿ ਨੀਟਾ ਦਿਓਲ 2016 ਵਿਚ ਨਾਭਾ ਅਤਿ ਸੁਰੱਖਿਤ ਜੇਲ੍ਹ ਤੋੜ ਕੇ ਪੰਜ ਹੋਰ ਕੈਦੀਆਂ ਸਮੇਤ ਫਰਾਰ ਹੋਇਆ ਸੀ ਜਿਸ ਨੂੰ ਬਾਅਦ ਵਿਚ ਦੋਬਾਰਾ ਗ੍ਰਿਫਤਾਰ ਕੀਤਾ ਗਿਆ।
ਨਾਭਾ ਦੀ ਦੂਜੀ ਜੇਲ੍ਹ ਵਿਚ ਬੰਦ ਨੀਟਾ ਦਿਓਲ ਕੋਲੋਂ ਫਿਰ ਤੋਂ ਮੋਬਾਈਲ ਮਿਲਣ ਦੀ ਘਟਨਾ ਨੇ ਪੁਲੀਸ ਅਤੇ ਇੰਟੈਲੀਜੈਂਸ ਵਿਭਾਗ ਨੂੰ ਫਿਕਰ ’ਚ ਪਾ ਦਿੱਤਾ ਹੈ। ਇਸ ਤੋਂ ਇਲਾਵਾ ਚਾਰ ਹੋਰ ਮੋਬਾਈਲ ਜੇਲ੍ਹ ਦੇ ਇਕ ਬਲਾਕ ਵਿੱਚੋਂ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਮਲਕੀਅਤ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਰੀਫ ਮੁਹੰਮਦ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਕੁਲਪ੍ਰੀਤ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਇਕ ਟੱਚ ਸਕਰੀਨ ਫੋਨ ਬਰਾਮਦ ਹੋਇਆ। ਬਾਕੀ ਦੇ ਚਾਰ ਮੋਬਾਈਲ ਬਲਾਕ 6 ਦੇ ਕੂੜੇ ਦੇ ਢੇਰ ਵਿੱਚੋਂ ਬਰਾਮਦ ਕੀਤੇ ਗਏ। ਇਸੇ ਹਫਤੇ ਪਹਿਲਾਂ ਵੀ ਇਸ ਜੇਲ੍ਹ ਵਿੱਚੋਂ 3 ਮੋਬਾਈਲ ਅਣਪਛਾਤੇ ਵਿਅਕਤੀਆਂ ਕੋਲੋਂ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ ਨਾਭਾ ਜੇਲ੍ਹ ਵਿਚ ਬੰਦ ਗੈਂਗਸਟਰ ਚੰਦਨ ਉਰਫ ਚੰਦੁੂ ਕੋਲੋਂ ਵੀ ਪੰਜਾਬ ਪੁਲੀਸ ਪੜਤਾਲ ਕਰ ਰਹੀ ਹੈ ਜਿਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਪੁਲਿਸ ਮੁਤਾਬਿਕ ਫਰਵਰੀ ਮਹੀਨੇ ਲੁਧਿਆਣਾ ਵਿਖੇ 30 ਕਿਲੋ ਸੋਨੇ ਦੀ ਡਕੈਤੀ ਦੀ ਸਾਜ਼ਿਸ਼ ਗੈਂਗਸਟਰ ਚੰਦੁੂ ਨੇ ਨਾਭਾ ਜੇਲ੍ਹ ਵਿੱਚੋਂ ਹੀ ਕੀਤੀ ਸੀ।