ਸੁਭਾਸ਼ ਚੰਦਰ
ਸਮਾਣਾ, 2 ਜੁਲਾਈ
ਪਿਛਲੇ ਦਿਨਾਂ ਵਿੱਚ ਰਾਜਸਥਾਨ, ਹਰਿਆਣਾ ਤੇ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਟਿੱਡੀ ਦਲ ਦਾ ਹਮਲਾ ਹੋਣ ਕਾਰਨ ਹੋਏ ਫ਼ਸਲਾਂ ਦੇ ਭਾਰੀ ਨੁਕਸਾਨ ਤੋਂ ਸੁਚੇਤ ਹੁੰਦਿਆਂ ਪੰਜਾਬ ਸਰਕਾਰ ਨੇ ਵੀ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰਕੇ ਪਿੰਡ ਪੱਧਰ ’ਤੇ ਪੰਚਾਇਤੀ ਨੁਮਾਇੰਦਿਆਂ ਨਾਲ ਮਿਲ ਕੇ ਟਿੱਡੀ ਦਲ ਤੋਂ ਬਨਸਪਤੀ ਦੇ ਹੁੰਦੇ ਵਿਕਾਸ ਨੂੰ ਰੋਕਣ ਲਈ ਅਗਾਊਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ।
ਖੇਤੀਬਾੜੀ ਅਫਸਰ ਕੁਲਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕਈ ਕਿਲੋਮੀਟਰ ਲੰਬੇ ਟਿੱਡੀ ਦਲ ਦੇ ਝੁੰਡ ਜਿਸ ਪਾਸੇ ਵੱਲ ਨੂੰ ਤੁਰ ਪੈਂਦੇ ਹਨ ਉਹ ਸਭ ਤੋਂ ਪਹਿਲਾਂ ਉੱਚੀ ਬਨਸਪਤੀ ਦਰੱਖਤਾਂ ਆਦਿ ’ਤੇ ਹਮਲਾ ਕਰਨ ਤੋਂ ਇਲਾਵਾ ਫ਼ਸਲ, ਸਬਜ਼ੀ ਤੇ ਬਾਗਾਂ ਆਦਿ ਤਕ ਦਾ ਨੁਕਸਾਨ ਕਰਦੇ ਹਨ। ਇਨ੍ਹਾਂ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਹੀਂ ਕਨੋਰਪਾਈਰੀਫੈਸ ਦਵਾਈ ਦਾ ਸਪਰੇਅ ਕੀਤਾ ਜਾਵੇ। ਪਿੰਡਾਂ ਵਿਚ ਮਗਨਰੇਗਾ ਲੇਬਰ ਨਾਲ ਸੰਪਰਕ ਰੱਖਿਆ ਜਾਵੇ, ਖੇਤਾਂ ਵਿੱਚ ਟਿਊਬਵੈਲਾਂ ਦੇ ਚਬੱਚਿਆਂ ਨੂੰ ਪਾਣੀ ਨਾਲ ਹਰ ਸਮੇਂ ਭਰ ਕੇ ਰਖਿਆ ਜਾਵੇ। ਕਿਸਾਨ ਕੋਲ ਕੋਈ ਦਵਾਈ ਸਪਰੇਅ ਕਰਨ ਵਾਲਾ ਪੰਪ, ਡੀ.ਜੇ. ਸਾਊਂਡ ਸਿਸਟਮ ਜਾਂ ਲਾਊਡ ਸਪੀਕਰਾਂ ਵਿਚ ਉੱਚੀ-ਉੱਚੀ ਘੰਟੀਆਂ ਖੜਕਾਈਾਂ ਜਾਣ, ਕੋਈ ਵੀ ਘਟਨਾ ਵਾਪਰਣ ’ਤੇ ਫੌਰੀ ਮੈਡੀਕਲ ਸਹਾਇਤਾ ਲੈਣ ਲਈ ਸਰਕਾਰੀ ਮੈਡੀਕਲ ਅਫਸਰਾਂ ਤੇ ਆਰਐੱਮਪੀ ਡਾਕਟਰਾਂ ਨਾਲ ਤਾਲਮੇਲ ਰੱਖਣ ਦੇ ਪ੍ਰਬੰਧ ਕੀਤੇ ਜਾਣ।