ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜੁਲਾਈ
ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦਾ ਗੰਭੀਰ ਨੋਟਿਸ ਲੈਂਦਿਆਂ, ਗੈਸ ਏਜੰਸੀ ਵਰਕਰਜ਼ ਯੂਨੀਅਨ (ਇਫਟੂ) ਵੱਲੋਂ ਅੱਜ ਇੱਥੇ ਬੱਸ ਸਟੈਂਡ ਚੌਕ ਵਿੱਚ ਧਰਨਾ ਦੇ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ। ਇਸ ਮੌਕੇ ਯੂਨੀਅਨ ਆਗੂ ਹਰਦੇਵ ਸਿੰਘ ਸਮੇਤ ਕਈ ਹੋਰਨਾ ਨੇ ਤਾਂ ਕੇਂਦਰ ਪ੍ਰਤੀ ਆਪਣੇ ਗੁੱਸੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਇਸ ਪੁਤਲੇ ’ਤੇ ਹੀ ਡਾਂਗਾਂ ਮਾਰ-ਮਾਰ ਕੇ ਕੀਤਾ। ਪ੍ਰਦਰਸ਼ਨ ਦੀ ਅਗਵਾਈ ਕਰਦਿਆਂ, ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਨੇ ਕਿਹਾ ਕਿ ਘਰੇਲੂ/ਰਸੋਈ ਗੈਸ ਦੀਆਂ ਕੀਮਤਾਂ ਵਿਚ ਹਰ ਮਹੀਨੇ ਕੀਤੇ ਜਾ ਰਹੇ ਵਾਧੇ ਨੇ ਆਮ ਪਰਿਵਾਰਾਂ ਦੀ ਰਸੋਈ ਦਾ ਬਜਟ ਹਿਲਾਇਆ ਹੋਇਆ ਹੈ।
ਕਸ਼ਮੀਰ ਬਿੱਲਾ ਦਾ ਕਹਿਣਾ ਸੀ ਕਿ ਮਹਿੰਗਾਈ ’ਚ ਆਮ ਲੋਕ ਪਹਿਲਾਂ ਹੀ ਮਸਾਂ ਜੀਵਨ ਬਸਰ ਕਰ ਰਹੇ ਹਨ। ਉਪਰੋਂ ਕੇਂਦਰ ਸਰਕਾਰ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ’ਚ ਅਥਾਹ ਵਾਧਾ ਕਰ ਦਿੱਤਾ ਗਿਆ ਹੈ। ਹਾਲ ਹੀ ’ਚ ਤਾਂ ਇਕੱਠੇ ਪੰਜਾਹ ਰੁਪਏ ਹੀ ਵਧਾ ਦਿੱਤੇ ਗਏ ਹਨ ਜਿਸ ਕਰਕੇ ਅਜਿਹੇ ਵਾਧੂ ਵਿੱਤੀ ਬੋਝ ਸਹਿਣਾ ਗਰੀਬ ਪਰਿਵਾਰਾਂ ਲਈ ਮੁਸ਼ਕਲ ਬਣਿਆ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਇਹ ਵਾਧਾ ਵਾਪਸ ਲੈਣ ਦੀ ਮੰਗ ਕੀਤੀ।
ਇਸ ਮੌਕੇ ਯੂਨੀਅਨ ਆਗੂ ਸ਼੍ਰੀ ਨਾਥ, ਸੁਰਜੀਤ ਸੁਨਿਆਰਹੇੜੀ, ਰਾਮ ਸਿੰਘ ਲੈਹਲ, ਹਰਦੇਵ ਸਿੰਘ, ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਅਮਨਦੀਪ ਕੌਰ ਦਿਓਲ, ਬੀਬੀ ਸਪਨਾ ਸਮੇਤ ਕਿਰਤੀ ਕਿਸਾਨ ਯੂਨੀਅਨ ਤੋਂ ਸੁਰਿੰਦਰ ਸਿੰਘ ਖਾਲਸਾ, ਸਤਪਾਲ ਸਿੰਘ ਕੁਲਵੰਤ ਸਿੰਘ , ਸਤਿਗੁਰ ਸਿੰਘ, ਹਰਜੀਤ ਸਿੰਘ, ਉਂਕਾਰ ਸਿੰਘ, ਬਘੇਲ ਸਿੰਘ, ਰਘਬੀਰ ਪੱਪੂ, ਧੀਰਜ ਕੁਮਾਰ, ਜਸਵਿੰਦਰ ਜੱਸੀ, ਮਨਜੀਤ ਸਿੰਘ, ਜਸਵੀਰ ਸਿੰਘ ਤੇ ਕੇਸਰ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ।