ਖੇਤਰੀ ਪ੍ਰਤੀਨਿਧ
ਪਟਿਆਲਾ, 20 ਜਨਵਰੀ
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਕਾਂਗਰਸ ਵੱਲੋਂ ਨਵੇਂ ਚਿਹਰੇ ਵਜੋਂ ਮੈਦਾਨ ’ਚ ਉਤਾਰੇ ਗਏ ਮੋਹਿਤ ਮਹਿੰਦਰਾ ਨੇ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਅੱਜ ਹਲਕੇ ਦੇ ਪਿੰਡ ਆਲੋਵਾਲ ਸਥਿਤ ਗੁਰਦੁਆਰਾ ਸ੍ਰੀ ਈਸ਼ਰਸਰ ਤੇ ਤ੍ਰਿਪੜੀ ਵਿਚਲੇ ਪ੍ਰਾਚੀਨ ਮੰਦਰ ਸ਼੍ਰੀ ਗੌਰੀ-ਸ਼ੰਕਰ ਵਿਖੇ ਨਤਮਸਤਕ ਹੋ ਕੇ ਕੀਤਾ। ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਬਹਾਦਰ ਖਾਨ ਅਤੇ ਮਦਨ ਭਾਰਦਵਾਜ ਸਮੇਤ ਹੋਰ ਮੁੱਖ ਆਗੂ ਵੀ ਨਾਲ਼ ਸਨ।
ਇਸ ਮੌਕੇ ਮੋਹਿਤ ਮਹਿੰਦਰਾ ਨੇ ਕਿਹਾ ਕਿ ਹਲਕਾ ਵਿਧਾਇਕ ਵਜੋਂ ਉਨ੍ਹਾਂ ਦੇ ਪਿਤਾ ਬ੍ਰਹਮ ਮਹਿੰਦਰਾ (ਕੈਬਨਿਟ ਮੰਤਰੀ) ਨੇ ਹਲਕੇ ਦਾ ਰਿਕਾਰਡ ਵਿਕਾਸ ਕਾਰਜ ਕਰਵਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਹਜ਼ਾਰ ਕਰੋੜ ਦੇ ਫੰਡਾਂ ਨਾਲ ਵਿੱਢੇ ਗਏ ਵਿਕਾਸ ਦੇ ਕਾਰਜ ਜਾਂ ਤਾਂ ਮੁਕੰਮਲ ਹੋ ਚੁੱਕੇ ਹਨ ਜਾਂ ਫੇਰ ਜਾਰੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਖੇਤਰ ਦੇ ਵਿਕਾਸ ਲਈ ਇੰਨੇ ਫੰਡ ਹੋਰ ਕਿਸੇ ਵੀ ਸਰਕਾਰ ਜਾਂ ਵਿਧਾਇਕ ਨੇ ਨਹੀਂ ਖਰਚੇ। ਇਸ ’ਚ ਸੜਕਾਂ ਦੇ ਨਿਰਮਾਣ, ਸ਼ਹਿਰ ਤੇ ਪਿੰਡਾਂ ਚ ਸਾਫ ਸੁਥਰਾ ਪਾਣੀ ਦੇਣ, ਛੋਟੀ ਤੇ ਵੱਡੀ ਨਦੀ ਦਾ ਵਿਕਾਸ, ਡੇਅਰੀਆਂ ਦਾ ਤਬਾਦਲਾ ਕਰਨਾ, ਸਪੋਰਟਸ ਯੂਨੀਵਰਸਿਟੀ ਖੋਲ੍ਹਣਾ ਅਤੇ ਤ੍ਰਿਪੜੀ ਮਾਰਕੀਟ ਦਾ ਵਿਕਾਸ ਆਦਿ ਸ਼ਾਮਲ ਹਨ। ਆਪਣੇ ਲਈ ਵੋਟਾਂ ਦੀ ਮੰਗ ਕਰਦਿਆਂ ਮੋਹਿਤ ਮਹਿੰਦਰਾ ਨੇ ਕਿਹਾ ਕਿ ਅਗਾਮੀ ਸਰਕਾਰ ਵੀ ਕਾਂਗਰਸ ਦੀ ਹੀ ਬਣੇਗੀ ਤੇ ਉਸ ਦੌਰਾਨ ਵਿਕਾਸ ਸਬੰਧੀ ਰਹਿੰਦੀ ਕਸਰ ਵੀ ਕੱਢ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮੋਹਿਤ ਮਹਿੰਦਰਾ ਇਸ ਹਲਕੇ ਦੇ ਮੌਜੂਦਾ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਹਨ। ਇਸੇ ਦੌਰਾਨ ਚੋਣ ਮੁਹਿੰਮ ਦੇ ਰਸਮੀ ਆਗਾਜ਼ ਮੌਕੇ ਆਲੋਵਾਲ ’ਚ ਮਹਿੰਦਰਾ ਪਰਿਵਾਰ ਦੇ ਅਤਿ ਕਰੀਬੀ ਅਤੇ ਕਾਂਗਰਸ ਦੇ ਪੁਰਣੇ ਤੇ ਸੀਨੀਅਰ ਆਗੂ ਮਦਨ ਭਾਰਦਵਾਜ ਆਲੋਵਾਲ ਸਮੇਤ ਹੋਰਨਾ ਨੇ ਵੀ ਮੋਹਿਤ ਮਹਿੰਦਰਾ ਨੂੰ ਸਨਮਾਨਤ ਕੀਤਾ। ਇਸ ਮੌਕੇ ਰੋਮੀ ਸਿੰਬੜੋ ਤੇ ਹੋਰ ਵੀ ਮੌਜੂਦ ਸਨ। ਤ੍ਰਿਪੜੀ ’ਚ ਪੁੱੱਜਣ ਮੌਕੇ ਚੇਅਰਮੈਨ ਸੰਤ ਕੁਮਾਰ ਬਾਂਗਾ, ਸੁਰਜੀਤ ਲੰਗ, ਸਖਪਾਲ ਸਿੱਧੂਵਾਲ਼, ਬਲਜਿੰਦਰ ਮਾਨ ਹਰਦਾਸਪੁਰ, ਰਵੀਨੰਦਪੁਰ, ਰਾਕੇਸ਼ ਨਸਰਾ, ਚਿੰਟੂ ਨਸਰਾ ਅਤੇ ਕਈ ਹੋਰਾਂ ਨੇ ਮੋਹਿਤ ਮਹਿੰਦਰਾ ਦਾ ਸਵਾਗਤ ਕੀਤਾ।