ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਸਤੰਬਰ
ਖੇਤੀ ਆਰਡੀਨੈਂਸਾਂ ਦੇ ਮਾਮਲੇ ਨੂੰ ਲੈ ਕੇ 31 ਕਿਸਾਨ ਧਿਰਾਂ ਵੱਲੋਂ 24 ਤੋਂ 26 ਸਤੰਬਰ ਤੱਕ ਰੇਲਵੇ ਮਾਰਗ ਰੋਕਣ ਅਤੇ 25 ਨੂੰ ਪੰਜਾਬ ਬੰਦ ਰੱਖਣ ਦੇ ਦਿੱਤੇ ਸੱਦੇ ਤਹਿਤ ਅੱਜ ਪਟਿਆਲਾ ਸ਼ਹਿਰ ਅਤੇ ਸਮੁੱਚੇ ਜ਼ਿਲ੍ਹੇ ਵਿਚ ਕਿਸਾਨਾਂ ਨੇ ਵਹੀਕਲ ਮਾਰਚ ਕਰ ਕੇ ਲੋਕਾਂ ਨੂੂੰ ਲਾਮਬੰਦ ਕੀਤਾ। ਉਨ੍ਹਾਂ ਥਾਂ-ਥਾਂ ਮੋਦੀ ਸਰਕਾਰ ਦੇ ਪੁਤਲੇ ਸਾੜ ਕੇ ਖ਼ੂਬ ਭੜਾਸ ਕੱਢੀ। ਕਿਸਾਨ ਨੇਤਾ ਜਗਮੋਹਣ ਪਟਿਆਲਾ, ਸਤਿਨਾਮ ਬਹਿਰੂ, ਡਾ. ਦਰਸ਼ਨਪਾਲ, ਮਨਜੀਤ ਨਿਆਲ, ਗੁਰਬਖਸ਼ ਬਲਬੇੜਾ, ਨਰਿੰਦਰ ਲੇਹਲਾਂ, ਬੂਟਾ ਸਿੰਘ ਸ਼ਾਦੀਪੁਰ, ਬਿੱਟੂ ਰਾਠੀਆਂ ਆਦਿ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਸਬੰਧੀ ਕਿਸਾਨਾਂ ’ਚ ਭਾਰੀ ਉਤਸ਼ਾਹ ਹੈ ਕਿਉਂਕਿ ਉਹ ਕੇਂਦਰ ਦੇ ਕਿਸਾਨ ਮਾਰੂ ਫੈਸਲਿਆਂ ਕਾਰਨ ਗੁੱਸੇ ਨਾਲ ਭਰੇ-ਪੀਤੇ ਬੈਠੇ ਹਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪੰਜਾਬ ਕਮੇਟੀ ਦੇ ਸੱਦੇ ਅਨੁਸਾਰ ਅੱਜ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਵਿੱਚ ਘਰਾਚੋਂ ਤੋਂ ਚੰਨੋ ਤੱਕ ਮੋਟਰਸਾਈਕਲਾਂ ਉੱਤੇ ਝੰਡਾ ਮਾਰਚ ਕੀਤਾ ਗਿਆ। ਇਸ ਮਾਰਚ ਰਾਹੀਂ ਲੋਕਾਂ ਨੂੰ 24 ਸਤੰਬਰ ਨੂੰ ਰੇਲਾਂ ਰੋਕੋ ਅੰਦੋਲਨ ਅਤੇ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਵਿੱਚ ਸਾਰੇ ਦੁਕਾਨਦਾਰਾਂ, ਛੋਟੇ ਵਪਾਰੀਆਂ ਅਤੇ ਰੇਹੜੀਆਂ ਵਾਲਿਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਐਕਟ 2020 ਨੂੰ ਰੱਦ ਕਰਵਾਉਣ ਲਈ ਸਾਰੇ ਪੰਜਾਬ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ। ਇਸ ਮੌਕੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਾਕ ਕਨਵੀਨਰ ਹਰਜਿੰਦਰ ਸਿੰਘ ਘਰਾਚੋਂ, ਬਲਾਕ ਆਗੂ ਜਸਬੀਰ ਸਿੰਘ ਗੱਗੜਪੁਰ, ਗੁਰਦੇਵ ਸਿੰਘ ਆਲੋਅਰਖ, ਕਰਮ ਚੰਦ ਪੰਨਵਾਂ, ਹਰਜੀਤ ਸਿੰਘ ਮਹਿਲਾ ਚੌਂਕ, ਹਰੀ ਸਿੰਘ ਗੱਗੜਪੁਰ ਅਮਨਦੀਪ ਮਹਿਲਾ ਚੌਂਕ, ਰਘਵੀਰ ਸਿੰਘ ਘਰਾਚੋਂ, ਹਾਕਮ ਸਿੰਘ ਬਖੋਪੀਰ ਅਤੇ ਕਾਫੀ ਨੌਜਵਾਨ ਕਿਸਾਨ ਹਾਜਰ ਸਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਬਿੱਲ ਪਾਸ ਕਰਨ ਦੇ ਵਿਰੋਧ ਕਿਸਾਨ ਜਥੇਬੰਦੀਆਂ ਅਤੇ ਵਿਰੋਧੀ ਪਾਰਟੀਆਂ ਸੰਘਰਸ਼ ਕਰ ਰਹੀਆਂ ਹਨ। ਇਸ ਦੌਰਾਨ ਦੇਸ਼ ਦੀਆਂ 31 ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ ਨੂੰ ਸਫ਼ਲ ਬਣਾਉਣ ਲਈ ਸਾਰੇ ਕਿਸਾਨਾਂ, ਆੜ੍ਹਤੀਆਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ।
ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਅੱਜ ਦੇਵੀਗੜ੍ਹ ਦੀ ਦੁਧਨਸਾਧਾਂ ਅਨਾਜ ਮੰਡੀ ਤੋਂ ਲੈ ਕੇ ਸਨੌਰ ਤੱਕ ਇੱਕ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਵਿੱਚ ਸੈਂਕੜੇ ਕਿਸਾਨ ਤੇ ਨੌਜਵਾਨ ਆਪਣੇ ਆਪਣੇ ਮੋਟਰਸਾਈਕਲ ਲੈ ਕੇ ਸ਼ਾਮਲ ਹੋਏ। ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਬਹਿਰੂ ਤੇ ਲੇਹਲਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਬਿੱਲ ਰੱਦ ਕਰਾਉਣ ਤੱਕ ਕਿਸਾਨਾਂ ਨੂੰ ਜੋਰਦਾਰ ਸੰਘਰਸ਼ ਕਰਨਾ ਪਵੇਗਾ ਤਾਂ ਹੀ ਮੋਦੀ ਸਰਕਾਰ ਦੀ ਹੋਸ਼ ਟਿਕਾਣੇ ਆ ਸਕਦੀ ਹੈ। ਇਹ ਰੈਲੀ ਦੁਧਨਸਾਧਾਂ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਦੇਵੀਗੜ੍ਹ, ਭੁਨਰਹੇੜੀ, ਸਨੌਰੀ ਮੰਡੀ ਅਤੇ ਸਨੌਰ ਅਨਾਜ ਮੰਡੀਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਾਗਰੂਕ ਕਰਦੀ ਹੋਈ ਵਾਪਸ ਦੇਵੀਗੜ੍ਹ ਸਮਾਪਤ ਹੋਈ।
ਨਾਭਾ (ਜੈਸਮੀਨ ਭਾਰਦਵਾਜ): ਕਿਸਾਨਾਂ ਵੱਲੋਂ ਅੱਜ ਭਾਰੀ ਗਿਣਤੀ ਵਿੱਚ ਇੱਥੇ ਦੇ ਬਾਜ਼ਾਰਾਂ ਵਿੱਚੋਂ ਖੇਤੀ ਬਿੱਲਾਂ ਖ਼ਿਲਾਫ਼ ਮਾਰਚ ਕੱਢਿਆ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਦੀ ਅਗਵਾਹੀ ਵਿਚ ਨਾਅਰੇਬਾਜ਼ੀ ਕਰਦੇ ਇਸ ਮਾਰਚ ਵਿਚ ਨੌਜਵਾਨਾਂ ਨੇ ਭਾਰੀ ਸ਼ਮੂਲੀਅਤ ਕੀਤੀ। ਕਿਸਾਨਾਂ ਨੇ ਜਿੱਥੇ ਖੇਤੀ ਬਿੱਲਾਂ ਦੇ ‘ਜਬਰੀ’ ਪਾਸ ਕਰਨ ਦਾ ਵਿਰੋਧ ਕੀਤਾ, ਉਥੇ ਹੀ ਉਨ੍ਹਾਂ ਨੇ ਕਿਸਾਨਾਂ ਲਈ ਵਰਤੇ ਜਾ ਰਹੇ ‘ਅੱਤਿਵਾਦੀ’, ‘ਵਰਗਲਾਏ ਗਏ’ ਵਰਗੇ ਸ਼ਬਦਾਂ ਦੀ ਨਿਖੇਧੀ ਕੀਤੀ। ਨੌਜਵਾਨਾਂ ਨੇ ਰੁਜ਼ਗਾਰ ਦਾ ਆਖ਼ਰੀ ਸਹਾਰਾ ਖੇਤੀ ਵੀ ਖੋਹੇ ਜਾਣ ਦੇ ਖਦਸ਼ਿਆਂ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਸ੍ਰੀ ਤੁੰਗਾ ਨੇ ਕਿਹਾ ਕਿ ਜੇਕਰ ਇਹ ਬਿੱਲ ਲੋਕਾਂ ਲਈ ਇੰਨੇ ਹੀ ਲਾਹੇਵੰਦ ਹਨ ਤਾਂ ਸਰਕਾਰ ਨੇ ਇਨ੍ਹਾਂ ਨੂੰ ਧੱਕੇਸ਼ਾਹੀ ਨਾਲ ਲੋਕਾਂ ਦੇ ਸਿਰ ਕਿਉਂ ਮੜ੍ਹਿਆ। ਪ੍ਰਦਰਸ਼ਨ ਵਿਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਜਿਥੇ ਸਰਕਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵੱਲ ਗ਼ੈਰਸੰਜੀਦਾ ਰਹੀ ਹੈ, ਓਥੇ ਇਨ੍ਹਾਂ ਕਾਨੂੰਨਾਂ ਰਾਹੀਂ ਖੇਤੀ ਨੂੰ ਵੀ ਕੁਝ ਪਰਿਵਾਰਾਂ ਦੀ ਚਾਕਰੀ ਬਣਾ ਕੇ ਦੇਸ਼ ਨੂੰ ਉਨ੍ਹਾਂ ਪਰਿਵਾਰਾਂ ਦੀ ਗੁਲਾਮੀ ਵੱਲ ਧੱਕਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਪਾਤੜਾਂ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨਾਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਸ਼ਹਿਰ ਤੇ ਵੱਖ-ਵੱਖ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਤੇ ਨੂੰ 25 ਦੇ ਪੰਜਾਬ ਬੰਦ ਦੌਰਾਨ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ।